"ਵਿਸ਼ਵ ਦ੍ਰਿਸ਼ਟੀ ਦਿਵਸ" ਮੌਕੇ ਅੱਖਾਂ ਦੀਆਂ ਬਿਮਾਰੀਆਂ ਅਤੇ ਲੱਛਣਾਂ ਬਾਰੇ ਦਿੱਤੀ ਜਾਣਕਾਰੀ
ਦਲਜੀਤ ਕੌਰ
ਸੰਗਰੂਰ, 12 ਅਕਤੂਬਰ, 2023: ਸਿਵਲ ਸਰਜਨ ਡਾ: ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ: ਮੋਨਿਕਾ ਖਰਬੰਦਾ ਦੀ ਅਗਵਾਈ ਵਿੱਚ ਅੱਖਾਂ ਦੀ ਸਾਂਭ ਸੰਭਾਲ ਸਬੰਧੀ ਵਿਸ਼ਵ ਦ੍ਰਿਸ਼ਟੀ ਦਿਵਸ "ਕੰਮਕਾਰ ਵਾਲੀ ਜਗ੍ਹਾ ਤੇ ਅੱਖਾਂ ਦੀ ਸੰਭਾਲ" ਥੀਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਡਾ. ਮੋਨਿਕਾ ਖਰਬੰਦਾ ਨੇ ਸੰਬੋਧਨ ਕਰਦੇ ਕਿਹਾ ਕਿ ਇਹ ਇੱਕ ਆਮ ਅਖਾਣ ਹੈ ਕਿ "ਅੱਖਾਂ ਗਈਆਂ ਤਾਂ ਜਹਾਨ ਗਿਆ" ਅੱਖਾਂ ਸਾਡੇ ਸਰੀਰ ਦਾ ਅਹਿਮ ਅੰਗ ਹਨ ਇਸ ਲਈ ਸਾਨੂੰ ਆਪਣੇ ਕੰਮਕਾਰ ਵਾਲੀਆਂ ਥਾਵਾਂ ਤੇ ਅੱਖਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਆਦਾਤਰ ਕੰਪਿਊਟਰ, ਮੋਬਾਈਲ, ਤੇਜ ਰੌਸ਼ਨੀ ਵਿਚ ਕੰਮ ਕਰਨ ਵਾਲੇ ਵਿਅਕਤੀਆ ਨੂੰ ਆਪਣੀਆ ਅੱਖਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਅੱਖਾਂ ਨੂੰ ਘੰਟੇ ਵਿਚ ਇਕ ਵਾਰ ਆਰਾਮ ਦੇਣ ਲਈ ਇੱਕ ਮਿੰਟ ਅੱਖਾਂ ਨੂੰ ਬੰਦ ਕਰੋ, ਠੰਡੇ ਪਾਣੀ ਨਾਲ਼ ਧੋਵੋ ਤੇ ਅੱਖਾਂ ਨੂੰ ਚਾਰੇ ਪਾਸੇ ਘੁਮਾਓ, ਉਹਨਾਂ ਕਿਹਾ ਕਿ ਅੱਖਾਂ ਦੀ ਵਧੀਆਂ ਰੋਸ਼ਨੀ ਲਈ ਅੱਖਾਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਸੰਤੁਲਿਤ ਖੁਰਾਕ ਅਤੇ ਵਿਟਾਮਿਨ ਏ ਵੀ ਜਰੂਰੀ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਅੱਖਾਂ ਦੇ ਮੋਤੀਆਬਿੰਦ ਦੇ ਆਪਰੇਸ਼ਨ ਕਰਕੇ ਲੈਂਜ਼ ਵੀ ਮੁਫਤ ਪਾਏ ਜਾਂਦੇ ਹਨ ਅਤੇ ਸਕੂਲਾਂ ਵਿੱਚ ਘੱਟ ਨਿਗਾਹ ਵਾਲੇ ਬੱਚਿਆਂ ਨੂੰ ਨਿਗਾਹ ਦੀਆਂ ਐਨਕਾਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਖਾਂ ਨੂੰ ਨੁਕਸਾਨ ਹੋਣ ਤੋ ਬਚਾਉਣ ਲਈ ਵੈਲਡਿੰਗ ਲਾਈਟ, ਤੇਜ਼ ਰੋਸ਼ਨੀ ਵੱਲ ਦੇਖਣ ਤੋਂ ਪ੍ਰਹੇਜ਼ ਕਰਨ।
ਅੱਖਾਂ ਦੇ ਮਾਹਿਰ ਡਾ: ਨਿਧੀ ਗੁਪਤਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਟੀ.ਵੀ ਦੇਖਣ ਸਮੇਂ ਅੱਖਾਂ ਤੋਂ ਟੀ.ਵੀ ਦੀ ਦੂਰੀ 3 ਮੀਟਰ ਰੱਖਣ ਅਤੇ ਕਿਤਾਬ ਪੜਨ ਮੌਕੇ ਅੱਖਾਂ ਤੋਂ ਕਿਤਾਬ ਦੀ ਦੂਰੀ ਘੱਟੋਂ ਘੱਟ 14 ਇੰਚ ਰੱਖਣਾ ਜਰੂਰੀ ਹੈ। ਉਹਨਾਂ ਕਿਹਾ ਕਿ ਪੜਨ ਵਾਲੇ ਬੱਚਿਆਂ ਨੂੰ ਸਮੇਂ ਸਮੇਂ ਤੇਂ ਅੱਖਾਂ ਦੀ ਨਿਗਾਹ ਦਾ ਰੈਗੂਲਰ ਚੈੱਕਅਪ ਕਰਾਉਣ ਵੀ ਜਰੂਰੀ ਹੈ। ਉਹਨਾਂ ਅੱਖਾਂ ਦੀਆਂ ਬਿਮਾਰੀਆਂ ਦੇ ਲੱਛਣਾਂ ਜਿਵੇਂ ਅੱਖਾਂ ਵਿਚ ਦਬਾਅ, ਥਕਾਨ ਮਹਿਸੂਸ ਹੋਣਾ, ਦੂਰ ਜਾਂ ਨੇੜੇ ਦੀਆਂ ਚੀਜ਼ਾਂ ਸਾਫ਼ ਨਜ਼ਰ ਨਾ ਆਉਣਾ, ਅੱਖਾਂ ਖੁਸ਼ਕ ਹੋਣੀਆਂ, ਘੱਟ ਰੋਸ਼ਨੀ ਵਿਚ ਦਿਖਾਈ ਨਾ ਦੇਣਾ ਜਾਂ ਧੁੰਦਲਾ ਦਿਖਾਈ ਦੇਣਾ, ਅੱਖਾਂ ਵਿਚ ਲਾਲੀ, ਅੱਖਾਂ ਵਿਚ ਦਰਦ ਮਹਿਸੂਸ ਹੋਣਾ, ਅੱਖਾਂ ਦੀਆਂ ਬਿਮਾਰੀ ਦੇ ਸੰਕੇਤ ਹਨ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ, ਬੀ.ਈ.ਈ. ਹਰਪ੍ਰੀਤ ਕੌਰ, ਕਰਮਜੀਤ ਕੌਰ, ਹਰਜੀਤ ਕੌਰ, ਰਾਜਪ੍ਰੀਤ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ, ਗੁਰਮੀਤ ਕੌਰ, ਦਰਸ਼ਨ ਸਿੰਘ, ਰਮੇਸ਼ ਕਮਾਰ ਅਤੇ ਆਮ ਲੋਕ ਹਾਜਿਰ ਸਨ।