ਨਵੀਂ ਦਿੱਲੀ, 11 ਅਕਤੂਬਰ, ਦੇਸ਼ ਕਲਿਕ ਬਿਊਰੋ :
ਭਾਰਤ ਨੇ ਇੱਕ ਰੋਜ਼ਾ ਵਿਸ਼ਵ ਕੱਪ-2023 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ। ਭਾਰਤ ਨੇ ਪਹਿਲਾ ਮੈਚ ਆਸਟ੍ਰੇਲੀਆ ਖ਼ਿਲਾਫ਼ 6 ਵਿਕਟਾਂ ਨਾਲ ਜਿਤਿਆ ਸੀ।ਅੱਜ ਦੀ ਜਿੱਤ ਨਾਲ ਟੀਮ ਇੰਡੀਆ ਦੇ 4 ਅੰਕ ਹੋ ਗਏ ਹਨ ਅਤੇ ਉਹ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ।ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਅੱਜ ਬੁੱਧਵਾਰ ਨੂੰ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 8 ਵਿਕਟਾਂ 'ਤੇ 272 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਸਿਰਫ 35 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 63 ਗੇਂਦਾਂ 'ਤੇ ਸੈਂਕੜਾ ਜੜਿਆ। ਉਸ ਨੇ 131 ਦੌੜਾਂ ਦੀ ਪਾਰੀ ਖੇਡੀ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲੀ ਪਾਰੀ 'ਚ 4 ਵਿਕਟਾਂ ਲਈਆਂ।ਭਾਰਤ ਵੱਲੋਂ ਓਪਨਿੰਗ ਕਰਨ ਆਏ ਕਪਤਾਨ ਰੋਹਿਤ ਸ਼ਰਮਾ ਨੇ ਸ਼ੁਰੂਆਤੀ ਓਵਰਾਂ ਵਿੱਚ ਹੀ ਹਮਲਾ ਬੋਲਣਾ ਸ਼ੁਰੂ ਕਰ ਦਿੱਤਾ। ਉਸ ਨੇ 30 ਗੇਂਦਾਂ 'ਤੇ ਅਰਧ ਸੈਂਕੜਾ ਅਤੇ 63 ਗੇਂਦਾਂ 'ਤੇ ਸੈਂਕੜਾ ਲਗਾਇਆ। ਉਹ 84 ਗੇਂਦਾਂ 'ਤੇ 131 ਦੌੜਾਂ ਬਣਾ ਕੇ ਆਊਟ ਹੋਏ, ਇਸ ਪਾਰੀ 'ਚ ਉਨ੍ਹਾਂ ਨੇ 16 ਚੌਕੇ ਅਤੇ 5 ਛੱਕੇ ਲਗਾਏ।