ਬੀਜਿੰਗ, 6 ਅਕਤੂਬਰ, ਦੇਸ਼ ਕਲਿਕ ਬਿਊਰੋ :
ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ 13ਵੇਂ ਦਿਨ ਭਾਰਤ ਨੇ ਹਾਕੀ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਸੋਨ ਤਗਮੇ ਦੇ ਮੁਕਾਬਲੇ ਵਿੱਚ ਜਾਪਾਨ ਨੂੰ 5-1 ਨਾਲ ਹਰਾ ਦਿੱਤਾ। ਭਾਰਤ ਨੇ 2018 ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।ਇਸ ਨਾਲ ਅੱਜ ਭਾਰਤ ਨੇ 1 ਸੋਨ, 1 ਚਾਂਦੀ ਅਤੇ 6 ਕਾਂਸੀ ਦੇ ਤਗਮੇ ਸਮੇਤ ਕੁੱਲ 8 ਤਮਗੇ ਜਿੱਤੇ ਹਨ। ਕੁੱਲ ਮੈਡਲਾਂ ਦੀ ਗਿਣਤੀ 94 ਹੋ ਗਈ ਹੈ।
ਕੁਸ਼ਤੀ ਵਿੱਚ ਮਹਿਲਾਵਾਂ ਦੇ 62 ਕਿਲੋਗ੍ਰਾਮ ਭਾਰ ਵਰਗ ਤੋਂ ਬਾਅਦ ਭਾਰਤ ਨੇ 76 ਕਿਲੋਗ੍ਰਾਮ ਫ੍ਰੀਸਟਾਈਲ ਵਿੱਚ ਵੀ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਭਾਰਤ ਦੀ ਕਿਰਨ ਨੇ ਮੰਗੋਲੀਆ ਦੀ ਗੈਨਬੈਟ ਅਰਿਯੁਨਜਰਗਲ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਦੂਜੇ ਪਾਸੇ ਭਾਰਤ ਦੇ ਅਮਨ ਨੇ ਪੁਰਸ਼ਾਂ ਦੇ ਫਰੀਸਟਾਈਲ 57 ਕਿਲੋਗ੍ਰਾਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਅੱਜ ਭਾਰਤੀ ਪੁਰਸ਼ ਟੀਮ ਨੂੰ ਤੀਰਅੰਦਾਜ਼ੀ ਦੇ ਰਿਕਰਵ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਦੱਖਣੀ ਕੋਰੀਆ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਦੇ ਨਾਲ ਹੀ 21 ਸਾਲਾ ਸੋਨਮ ਮਲਿਕ ਨੇ 62 ਕਿਲੋਗ੍ਰਾਮ ਭਾਰ ਵਰਗ 'ਚ ਕਾਂਸੀ ਦੇ ਤਗਮੇ ਦੇ ਮੁਕਾਬਲੇ 'ਚ ਚੀਨ ਦੀ ਜੀਆ ਲੋਂਗ ਨੂੰ ਹਰਾਇਆ।
ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੂੰ ਸੈਮੀਫਾਈਨਲ 'ਚ ਥਾਈਲੈਂਡ ਤੋਂ ਹਾਰ ਕੇ ਕਾਂਸੀ ਦਾ ਤਗਮਾ ਮਿਲਿਆ ਸੀ। ਤੀਰਅੰਦਾਜ਼ੀ ਰਿਕਰਵ ਮਹਿਲਾ ਟੀਮ ਤੋਂ ਬਾਅਦ ਐਚਐਸ ਪ੍ਰਣਯ ਨੇ ਬੈਡਮਿੰਟਨ ਪੁਰਸ਼ ਸਿੰਗਲਜ਼ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ।