ਮੋਹਾਲੀ ‘ਚ ਆਸਟਰੇਲੀਆ ਨੂੰ ਹਰਾ ਕੇ ਵਨਡੇ ਰੈਕਿੰਗ ‘ਚ ਨੰਬਰ ਇੱਕ ‘ਤੇ ਪਹੁੰਚਿਆ
T20 ਤੇ ਟੈਸਟ ‘ਚ ਪਹਿਲਾਂ ਹੀ ਸ਼ਿਖਰ ‘ਤੇ
ਮੋਹਾਲੀ, 23 ਸਤੰਬਰ, ਦੇਸ਼ ਕਲਿਕ ਬਿਊਰੋ :
ਪਹਿਲੀ ਵਾਰ ਟੀਮ ਇੰਡੀਆ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਇੱਕੋ ਸਮੇਂ ਨੰਬਰ-1 ਰੈਂਕ ਹਾਸਲ ਕੀਤਾ ਹੈ। ਭਾਰਤੀ ਟੀਮ ਨੇ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਇਹ ਉਪਲੱਬਧੀ ਹਾਸਲ ਕੀਤੀ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਪਾਕਿਸਤਾਨ ਨੂੰ ਪਿੱਛੇ ਛੱਡ ਕੇ ਵਨਡੇ ਰੈਂਕਿੰਗ 'ਚ ਨੰਬਰ-1 ਬਣ ਗਈ ਹੈ। ਟੀਮ ਟੈਸਟ ਅਤੇ ਟੀ-20 ਦੀ ਟੀਮ ਰੈਂਕਿੰਗ 'ਚ ਪਹਿਲਾਂ ਹੀ ਨੰਬਰ-1 'ਤੇ ਹੈ।ਭਾਰਤ ਤਿੰਨੋਂ ਫਾਰਮੈਟਾਂ ਵਿੱਚ ਨੰਬਰ-1 ਬਣਨ ਵਾਲੀ ਦੂਜੀ ਟੀਮ ਬਣ ਗਈ ਹੈ। ਭਾਰਤ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਗ੍ਰੀਮ ਸਮਿਥ ਦੀ ਕਪਤਾਨੀ ਵਿੱਚ ਅਗਸਤ 2012 ਵਿੱਚ ਤਿੰਨੋਂ ਫਾਰਮੈਟਾਂ ਵਿੱਚ ਨੰਬਰ-1 ਬਣ ਗਈ ਸੀ।ਮੋਹਾਲੀ ਵਿੱਚ ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਟੀਮ ਇੰਡੀਆ ਆਈਸੀਸੀ ਵਨਡੇ ਰੈਂਕਿੰਗ ਵਿੱਚ 116 ਅੰਕਾਂ ਉੱਤੇ ਪਹੁੰਚ ਗਈ ਸੀ। ਟੀਮ ਨੇ ਪਾਕਿਸਤਾਨ ਨੂੰ ਪਿੱਛੇ ਛੱਡ ਦਿੱਤਾ, ਜਿਸ ਦੇ 115 ਅੰਕ ਹਨ। ਭਾਰਤ ਤੋਂ ਹਾਰਨ ਤੋਂ ਬਾਅਦ ਆਸਟ੍ਰੇਲੀਆ ਨੇ 2 ਅੰਕ ਗੁਆ ਦਿੱਤੇ ਹਨ।