ਭਾਰਤ ਅਤੇ ਪਾਕਿਸਤਾਨ ਸੁਪਰ ਫੋਰ ‘ਚ 10 ਸਤੰਬਰ ਨੂੰ ਫਿਰ ਭਿੜਨਗੇ
ਕੋਲੰਬੋ, 5 ਸਤੰਬਰ, ਦੇਸ਼ ਕਲਿਕ ਬਿਊਰੋ :
ਭਾਰਤ ਨੇ ਏਸ਼ੀਆ ਕੱਪ 2023 ਦੇ ਆਪਣੇ ਦੂਜੇ ਮੈਚ ਵਿੱਚ ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ। ਮੀਂਹ ਨਾਲ ਵਿਘਨ ਪੈਣ ਵਾਲਾ ਇਹ ਮੈਚ ਸ਼੍ਰੀਲੰਕਾ ਦੇ ਪੱਲੇਕੇਲੇ ਸਟੇਡੀਅਮ ਵਿੱਚ ਖੇਡਿਆ ਗਿਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 48.2 ਓਵਰਾਂ ਵਿੱਚ 230 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਮੀਂਹ ਕਾਰਨ ਕਾਫੀ ਦੇਰ ਤੱਕ ਖੇਡ ਰੁਕੀ ਰਹੀ।ਡਕਵਰਥ ਲੁਈਸ ਨਿਯਮ ਦੇ ਤਹਿਤ ਟੀਮ ਇੰਡੀਆ ਨੂੰ 23 ਓਵਰਾਂ 'ਚ 145 ਦੌੜਾਂ ਦਾ ਟੀਚਾ ਮਿਲਿਆ ਸੀ। ਜਵਾਬ 'ਚ ਭਾਰਤ ਨੇ 20.1 ਓਵਰਾਂ 'ਚ 10 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਕਪਤਾਨ ਰੋਹਿਤ ਸ਼ਰਮਾ 74 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਸ਼ੁਭਮਨ ਗਿੱਲ 67 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਸੁਪਰ ਫੋਰ ਵਿੱਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਨੇਪਾਲ ਦੀ ਟੀਮ ਏਸ਼ੀਆ ਕੱਪ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ।ਭਾਰਤ ਅਤੇ ਪਾਕਿਸਤਾਨ ਸੁਪਰ ਫੋਰ ਵਿੱਚ 10 ਸਤੰਬਰ ਨੂੰ ਇੱਕ ਵਾਰ ਫਿਰ ਭਿੜਨਗੇ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਭਾਰਤੀ ਟੀਮ ਸੁਪਰ ਫੋਰ ਦਾ ਦੂਜਾ ਮੈਚ 12 ਸਤੰਬਰ ਨੂੰ ਅਤੇ ਤੀਜਾ ਮੈਚ 15 ਸਤੰਬਰ ਨੂੰ ਖੇਡੇਗੀ। ਇਹ ਦੋਵੇਂ ਮੈਚ ਵੀ ਕੋਲੰਬੋ ਵਿੱਚ ਹੀ ਖੇਡੇ ਜਾਣਗੇ।