ਨਵੀਂ ਦਿੱਲੀ, 28 ਅਗਸਤ, ਦੇਸ਼ ਕਲਿਕ ਬਿਊਰੋ :
120 ਸਾਲਾਂ 'ਚ ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਨੀਰਜ ਚੋਪੜਾ ਨੇ ਹੁਣ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ ਬੁਡਾਪੇਸਟ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤਿਆ ਹੈ। ਫਾਈਨਲ ਵਿੱਚ ਉਸ ਨੇ 88.17 ਮੀਟਰ ਦੀ ਆਪਣੀ ਸਰਵੋਤਮ ਕੋਸ਼ਿਸ਼ ਨਾਲ ਸੁਨਹਿਰੀ ਸਫਲਤਾ ਹਾਸਲ ਕੀਤੀ।
ਨੀਰਜ ਦੀ ਇਤਿਹਾਸਕ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਪ੍ਰਤਿਭਾਸ਼ਾਲੀ ਨੀਰਜ ਚੋਪੜਾ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਉਸ ਦਾ ਸਮਰਪਣ, ਸ਼ੁੱਧਤਾ ਅਤੇ ਜਨੂੰਨ ਉਸ ਨੂੰ ਨਾ ਸਿਰਫ਼ ਐਥਲੈਟਿਕਸ ਵਿੱਚ ਇੱਕ ਚੈਂਪੀਅਨ ਬਣਾਉਂਦਾ ਹੈ, ਸਗੋਂ ਸਮੁੱਚੇ ਖੇਡ ਜਗਤ ਵਿੱਚ ਉੱਤਮਤਾ ਦਾ ਪ੍ਰਤੀਕ ਵੀ ਬਣਾਉਂਦਾ ਹੈ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ 'ਤੇ ਵਧਾਈ।ਜਿਕਰਯੋਗ ਹੈ ਕਿ ਇਹ ਚੈਂਪੀਅਨਸ਼ਿਪ 1983 ਤੋਂ ਕਰਵਾਈ ਜਾ ਰਹੀ ਹੈ ਅਤੇ ਪਹਿਲੀ ਵਾਰ ਕਿਸੇ ਭਾਰਤੀ ਐਥਲੀਟ ਨੇ ਸੋਨ ਤਮਗਾ ਜਿੱਤਿਆ ਹੈ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਚਾਂਦੀ ਦਾ ਤਗਮਾ ਜਿੱਤਿਆ। ਉਸ ਨੇ 87.82 ਮੀਟਰ ਦੀ ਸਭ ਤੋਂ ਵਧੀਆ ਕੋਸ਼ਿਸ਼ ਕੀਤੀ।