ਦਲਜੀਤ ਕੌਰ
ਸੰਗਰੂਰ, 4 ਅਗਸਤ, 2023: ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਉਪਾਸਨਾ ਬਿੰਦਰਾ ਦੀ ਅਗਵਾਈ ਵਿਚ ਨਗਰ ਕੌਂਸਲ ਦੇ ਸਹਿਯੋਗ ਨਾਲ ਸੰਗਰੂਰ ਵਿਖੇ ਪੁਲਿਸ ਥਾਣੇ ਅਤੇ ਚੌਕੀਆਂ ਵਿਚ ਡੇਂਗੂ ਸਬੰਧੀ ਸਰਵੇ ਕੀਤਾ ਗਿਆ ਅਤੇ ਪੁਲਿਸ ਮੁਲਾਜ਼ਮਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਉਪਾਸਨਾ ਬਿੰਦਰਾ ਨੇ ਦੱਸਿਆ ਕਿ ਡੇਂਗੂ ਵਿਰੁੱਧ ਮੁਹਿੰਮ "ਹਰ ਸ਼ੁਕਰਵਾਰ, ਡੇਂਗੂ ਤੇ ਵਾਰ" ਤਹਿਤ ਇਸ ਸ਼ੁਕਰਵਾਰ ਲਈ ਪੁਲਿਸ ਥਾਣੇ, ਚੌਕੀਆਂ, ਪੁਲਿਸ ਲਾਈਨਾਂ ਵਿਚ ਡੇਂਗੂ ਸਰਵੇ ਕਰਨ ਅਤੇ ਡੇਂਗੂ ਪ੍ਰਤੀ ਮੁਲਾਜ਼ਮਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਜ਼ਿਲ੍ਹਾ ਸੰਗਰੂਰ ਅਧੀਨ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਾਂ, ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਮਾਸ ਮੀਡੀਆ ਵਿੰਗ ਵੱਲੋਂ ਪੁਲਿਸ ਥਾਣੇ ਅਤੇ ਚੌਕੀਆਂ ਵਿਚ ਡੇਂਗੂ ਦੇ ਲੱਛਣਾ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜਿਥੇ ਵੀ ਲਾਰਵਾ ਮਿਲਿਆਂ, ਮੌਕੇ ਤੇ ਨਸ਼ਟ ਕਰਵਾ ਕੇ ਸਪਰੇਅ ਕੀਤੀ ਗਈ।
ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁਕਰਵਾਰ ਨੂੰ ਡਰਾਈ ਡੇ ਮਨਾਉਣ ਅਤੇ ਆਪਣੇ ਘਰ, ਘਰਾਂ ਦੀਆਂ ਛੱਤਾਂ, ਘਰਾਂ ਦੇ ਬਾਹਰ ਖੜੇ ਪਾਣੀ ਦੇ ਸਰੋਤਾਂ ਨੂੰ ਸੁਕਾਉਣ ਅਤੇ ਮੱਛਰ ਦੀ ਪੈਦਾਵਾਰ ਨੂੰ ਘਟਾਉਣ ਵਿਚ ਆਪਣਾ ਹਿੱਸਾ ਪਾਉਣ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਸਰੋਜ ਰਾਣੀ, ਐਸ. ਆਈ. ਰਾਮ ਲਾਲ ਸਿੰਘ, ਸਿਹਤ ਕਰਮਚਾਰੀ ਯਾਦਵਿੰਦਰ ਸਿੰਘ, ਅਮਨਦੀਪ ਸਿੰਘ, ਇੰਸਕਟ ਕੁਲੈਕਟਰ ਬਲਜਿੰਦਰ ਸਿੰਘ, ਨਗਰ ਕੌਂਸਲ ਕਰਮਚਾਰੀ ਪਾਰਸ, ਬ੍ਰੀਡ ਚੈਕਰ ਅਤੇ ਹੋਰ ਮੌਜੂਦ ਸਨ।