ਅੰਮ੍ਰਿਤਸਰ, 15 ਮਾਰਚ :-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ (ਗੁਰਦਾਸਪੁਰ) ਦੀ ਹੋਣਹਾਰ ਵਿਦਿਆਰਥਣ ਬਲਜਿੰਦਰ ਕੌਰ ਭਾਰਤੀ ਹਾਕੀ ਟੀਮ ਲਈ ਚੁਣੀ ਗਈ ਹੈ। ਵੱਖ-ਵੱਖ ਟੂਰਨਾਮੈਂਟਾਂ ਵਿਚ ਵਧੀਆ ਕਾਰਗੁਜ਼ਾਰੀ ਮਗਰੋਂ ਬੰਗਲੌਰ ਵਿਖੇ ਇੰਡੀਆ ਕੈਂਪ ਦੌਰਾਨ ਖਿਡਾਰਨ ਬਲਜਿੰਦਰ ਕੌਰ ਨੇ ਭਾਰਤੀ ਹਾਕੀ ਟੀਮ ਲਈ ਆਪਣਾ ਸਥਾਨ ਬਣਾਇਆ ਹੈ। ਬਲਜਿੰਦਰ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਥੇ ਇਸ ਹੋਣਹਾਰ ਖਿਡਾਰਨ ਨੂੰ ਸ਼ੁਭ ਇਛਾਵਾਂ ਦਿੱਤੀਆਂ, ਉਥੇ ਹੀ ਕਾਲਜ ਦੇ ਸਟਾਫ਼ ਨੂੰ ਵੀ ਵਧਾਈ ਦਿੱਤੀ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਅਜਿਹੇ ਅਗਾਂਹਵਧੂ ਨੌਜਵਾਨ ਬੱਚਿਆਂ ਅਤੇ ਨੌਜਵਾਨਾਂ ਲਈ ਪ੍ਰੇਰਣਾ ਸ੍ਰੋਤ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਾਪਤੀਆਂ ਕਰਨ ਵਾਲੇ ਸਿੱਖ ਖਿਡਾਰੀਆਂ ਦਾ ਹਮੇਸ਼ਾ ਸਨਮਾਨ ਕਰਦੀ ਹੈ ਅਤੇ ਇਸੇ ਤਹਿਤ ਹੀ ਬਲਜਿੰਦਰ ਕੌਰ ਦਾ ਵੀ ਸਨਮਾਨ ਕੀਤਾ ਜਾਵੇਗਾ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਪਰਮਜੀਤ ਸਿੰਘ ਸਰੋਆ ਅਤੇ ਹੋਰ ਅਧਿਕਾਰੀਆਂ ਨੇ ਬਲਜਿੰਦਰ ਕੌਰ ਨੂੰ ਉਸ ਦੀ ਪ੍ਰਾਪਤੀ 'ਤੇ ਮੁਬਾਰਕਬਾਦ ਦਿੱਤੀ ਹੈ।