ਜ਼ਿਲ੍ਹੇ ਦੇ ਸਿਹਤ ਸਟਾਫ਼ ਨੂੰ ਦਿਤੀ ਗਈ ਸਿਖਲਾਈ
ਮੋਹਾਲੀ, 7 ਜੁਲਾਈ :ਦੇਸ਼ ਕਲਿੱਕ ਬਿਓਰੋ
‘ਮਿਸ਼ਨ ਇੰਦਰਧਨੁਸ਼ 0.5’ ਸਬੰਧੀ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਕੀਤੀ। ਸਿਵਲ ਸਰਜਨ ਨੇ ਟਰੇਨਿੰਗ ਇਜਲਾਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਭਾਰਤ ਸਰਕਾਰ ਵਲੋਂ ਆਉਣ ਵਾਲੀ 7 ਅਗੱਸਤ ਤੋਂ ਦੇਸ਼ ਭਰ ’ਚ ‘ਮਿਸ਼ਨ ਇੰਦਰਧਨੁਸ਼ 0.5’ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾਣਗੇ।
ਵਿਸ਼ਵ ਸਿਹਤ ਸੰਗਠਨ ਨਾਲ ਸਬੰਧਤ ਸਰਵੀਲੈਂਸ ਮੈਡੀਕਲ ਅਫ਼ਸਰ ਡਾ. ਵਿਕਰਮ ਗੁਪਤਾ ਨੇ ਟਰੇਨਿੰਗ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਿਸਥਾਰ ’ਚ ਦਸਿਆ ਕਿ ਇਸ ਮੁਹਿੰਮ ਦਾ ਮਕਸਦ ਜ਼ਰੂਰੀ ਟੀਕਾਕਰਨ ਤੋਂ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਵਾਂਝੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮੁਕੰਮਲ ਟੀਕਾਕਰਨ ਯਕੀਨੀ ਬਣਾਉਣਾ ਹੈ। ਉਨ੍ਹਾਂ ਦਸਿਆ ਕਿ ਇਸ ਵਿਸ਼ੇਸ਼ ਮੁਹਿੰਮ ’ਚ ਉਚ-ਜੋਖਮ ਵਾਲੇ ਇਲਾਕਿਆਂ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਉਨ੍ਹਾਂ ਇਲਾਕਿਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਜਿਥੇ 0-5 ਸਾਲ ਦੇ ਬੱਚਿਆਂ ਨੂੰ ਕੋਈ ਵੀ ਟੀਕਾ ਨਹੀਂ ਲੱਗਾ ਜਾਂ ਜਿਨ੍ਹਾਂ ਦਾ ਮੁਕੰਮਲ ਟੀਕਾਕਰਨ ਨਹੀਂ ਹੋਇਆ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਵੀ ਇਸ ਮੁਹਿੰਮ ਵਿਚ ਕਵਰ ਕੀਤਾ ਜਾਵੇਗਾ।
ਉਨ੍ਹਾਂ ਦਸਿਆ ਕਿ ਇਸ ਮੁਹਿੰਮ ਲਈ ਉਹ ਵਿਸ਼ੇਸ਼ ਇਲਾਕੇ ਹੀ ਚੁਣੇ ਜਾਣਗੇ। ਇਨ੍ਹਾਂ ’ਚ ਉਹ ਇਲਾਕੇ ਸ਼ਾਮਲ ਹੋਣਗੇ ਜਿਥੇ ਨਵੀਂ ਸ਼ੁਰੂ ਕੀਤੀ ਵੈਕਸੀਨ ਦੀ ਵਰਤੋਂ ਸਬੰਧੀ ਘੱਟ ਕਵਰੇਜ ਹੈ ਜਾਂ ਜਿਥੇ ਜ਼ਿਆਦਾ ਗਿਣਤੀ ਵਿਚ ਟੀਕਾਕਰਨ ਕੈਂਪ ਨਹੀਂ ਲਗਾਏ ਜਾਂਦੇ, ਪਰਵਾਸੀ ਲੋਕਾਂ ਦੀ ਨਾਹਰ ਵਾਲੇ ਇਲਾਕੇ, ਬਸਤੀਆਂ ਤੇ ਝੁੱਗੀ-ਝੋਪੜੀ ਵਾਲੇ ਸ਼ਹਿਰੀ ਇਲਾਕੇ ਜਾਂ ਉਹ ਇਲਾਕੇ ਜਿਥੇ ਹਾਲ ਹੀ ਵਿਚ ਮੀਜ਼ਲਜ਼, ਡਿਪਥੀਰੀਆ ਆਦਿ ਦੇ ਕੇਸ ਸਾਹਮਣੇ ਆਏ ਹੋਣ ਜਾਂ ਉਹ ਇਲਾਕੇ ਜਿਥੇ ਲੋਕ ਟੀਕਾ ਲਗਵਾਉਣ ਤੋਂ ਝਿਜਕਦੇ ਹੋਣ। ਡਾ. ਗੁਪਤਾ ਨੇ ਆਖਿਆ ਕਿ ਇਸ ਵੱਕਾਰੀ ਮੁਹਿੰਮ ਲਈ ਵੱਖ-ਵੱਖ ਥਾਈਂ ਸਿਹਤ ਸਟਾਫ਼ ਨੂੰ ਟਰੇਨਿੰਗ ਦਿਤੀ ਜਾ ਰਹੀ ਹੈ ਤਾਕਿ ਬਿਹਤਰੀਨ ਅਗਾਊਂ ਯੋਜਨਾਬੰਦੀ ਨਾਲ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ ਅਤੇ ਹਰ ਥਾਂ 100 ਫ਼ੀਸਦੀ ਟੀਕਾਕਰਨ ਯਕੀਨੀ ਹੋ ਸਕੇ। ਉਨ੍ਹਾਂ ਇਹ ਵੀ ਦਸਿਆ ਕਿ ਹਰ ਥਾਂ ਲੱਗਣ ਵਾਲੇ ਵਿਸ਼ੇਸ਼ ਕੈਂਪ ਦਾ ਪੂਰਾ ਰਿਕਾਰਡ ਆਨਲਾਈਨ ਰਖਿਆ ਜਾਵੇਗਾ ਤੇ ਇਸ ਸਬੰਧ ’ਚ ਵੀ ਸਿਹਤ ਸਟਾਫ਼ ਨੂੰ ਟਰੇਨਿੰਗ ਦਿਤੀ ਜਾ ਰਹੀ ਹੈ। ਸਿਵਲ ਸਰਜਨ ਨੇ ਆਖਿਆ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਧੂਰੇ ਟੀਕਾਕਰਨ ਸਬੰਧੀ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਇਹ ਵੀ ਦਸਿਆ ਕਿ ਇਸ ਮੁਹਿੰਮ ਦੇ ਨਾਲ-ਨਾਲ ਰੂਟੀਨ ਟੀਕਾਕਰਨ ਆਮ ਵਾਂਗ ਚਲਦਾ ਰਹੇਗਾ। ਜ਼ਿਕਰਯੋਗ ਹੈ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਹਰ ਬੁੱਧਵਾਰ ਨੂੰ ‘ਮਮਤਾ ਦਿਵਸ’ ਮਨਾਇਆ ਜਾਂਦਾ ਹੈ ਤੇ ਇਸ ਦਿਨ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਜ਼ਰੂਰੀ ਟੀਕੇ ਲਗਾਏ ਜਾਂਦੇ ਹਨ। ਟਰੇਨਿੰਗ ਪ੍ਰੋਗਰਾਮ ਵਿਚ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰਾਂ, ਨੋਡਲ ਅਫ਼ਸਰਾਂ, ਬਲਾਕ ਐਕਸਟੈਂਸ਼ਨ ਐਜੂਕੇਟਰਾਂ, ਐਲ.ਐਚ.ਵੀ., ਏ.ਐਨ.ਐਮ. ਤੇ ਹੋਰ ਸਟਾਫ਼ ਨੇ ਹਿੱਸਾ ਲਿਆ।