ਨਵੀਂ ਦਿੱਲੀ, 14 ਮਾਰਚ, ਹਿ.ਸ.:- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਸਾਰੇ ਘਰੇਲੂ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਹਨ। ਬੀਸੀਸੀਆਈ ਦੇ ਇਸ ਫੈਸਲੇ ਦਾ ਸਿੱਧਾ ਅਸਰ ਕੁਝ ਦਿਨਾਂ ਵਿੱਚ ਸ਼ੁਰੂ ਹੋਣ ਵਾਲੀ ਈਰਾਨੀ ਟਰਾਫੀ ‘ਤੇ ਪਵੇਗਾ। ਇਸ ਨੂੰ ਵੀ ਮੁਅੱਤਲ ਕੀਤਾ ਜਾ ਰਿਹਾ ਹੈ।
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ, ਪੇਟੀਐਮ ਈਰਾਨੀ ਕੱਪ, ਸੀਨੀਅਰ ਮਹਿਲਾ ਵਨਡੇ ਨੋਕਆਊਟ, ਵਿਜੀ ਟਰਾਫੀ, ਸੀਨੀਅਰ ਮਹਿਲਾ ਵਨਡੇਅ ਚੈਲੇਂਜਰ, ਮਹਿਲਾ ਅੰਡਰ -19 ਵਨਡੇ ਨੋਕਆਊਟ, ਮਹਿਲਾ ਅੰਡਰ -19 ਟੀ -20 ਲੀਗ, ਸੁਪਰ ਲੀਗ ਨੂੰ ਅਗਲੇ ਆਦੇਸ਼ਾਂ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਅਤੇ ਦੱਖਣੀ ਅਫਰੀਕਾ ਦੀ ਵਨਡੇ ਸੀਰੀਜ਼ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਆਈਪੀਐਲ ਉੱਤੇ ਵੀ ਇਸਦਾ ਮਾੜਾ ਅਸਰ ਪਿਆ ਹੈ। 29 ਮਾਰਚ ਨੂੰ ਹੋਣ ਵਾਲਾ ਟੂਰਨਾਮੈਂਟ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।