ਨਵੀਂ ਦਿੱਲੀ, 31 ਮਈ,ਦੇਸ਼ ਕਲਿਕ ਬਿਊਰੋ:
ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਹਰਿ ਕੀ ਪੌੜੀ ਵਿਖੇ ਆਪਣੇ ਤਮਗੇ ਗੰਗਾ ਵਿੱਚ ਜਲ ਪ੍ਰਵਾਹ ਕਰਨ ਦੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ। ਪਹਿਲਵਾਨ ਆਪਣੇ ਤਮਗੇ ਜਲ ਪ੍ਰਵਾਹ ਕਰਨ ਹਰਿਦੁਆਰ ਪੁੱਜੇ ਹੋਏ ਸਨ। ਇਸ ਬਾਰੇ ਖ਼ਬਰ ਮਿਲਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਉੱਥੇ ਪਹੁੰਚ ਗਏ।ਪਹਿਲਵਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਕਾਰਵਾਈ ਲਈ 5 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਟਿਕੈਤ ਨੇ ਪਹਿਲਵਾਨਾਂ ਤੋਂ ਮੈਡਲ ਅਤੇ ਮੋਮੈਂਟੋ ਵਾਲਾ ਬੰਡਲ ਵੀ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਨੂੰ ਰਾਸ਼ਟਰਪਤੀ ਨੂੰ ਦੇਣਗੇ। ਸਾਰੇ ਖਿਡਾਰੀ ਹਰਿਦੁਆਰ ਤੋਂ ਘਰ ਲਈ ਰਵਾਨਾ ਹੋ ਗਏ।ਇਸ ਤੋਂ ਪਹਿਲਾਂ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਕਰੀਬ ਇਕ ਘੰਟੇ ਤੱਕ ਹਰਿ ਕੀ ਪੌੜੀ 'ਚ ਬੈਠੇ ਮੈਡਲਾਂ ਨੂੰ ਫੜ ਕੇ ਰੋਂਦੇ ਰਹੇ।