ਅਜੋਕੀ ਰਾਜਨੀਤੀ ਨੂੰ ਪੰਜਾਬ ਅਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਭਾਵੇਂ ਯਾਦ ਨਾ ਹੋਣ ਪਰ ਸਾਡੇ ਸਿਪਾਹੀ ਤੇ ਉਨ੍ਹਾਂ ਦੀਆਂ ਘਰ ਵਾਲੀਆਂ ਆਪਣੇ ਪਿਆਰੇ ਦੇਸ਼ ਅਤੇ ਕੌਮ ਲਈ ਕੁਰਬਾਨ ਹੋਣ ਵਾਸਤੇ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੇ... ਸਾਡੇ ਰਿਸ਼ਤੇ ਹਮੇਸ਼ਾ ਗੰਢਵੇਂ ਤੇ ਅਟੁੱਟ ਰਹਿੰਦੇ... ਐਪਰ ਓਪਰੀਆਂ ਸ਼ਕਤੀਆਂ ਹਮੇਸ਼ਾ ਰਿਸ਼ਤਿਆਂ ਵਿਚ ਦਰਾੜਾਂ ਪਾਉਂਦੀਆਂ ਰਹਿੰਦੀਆਂ... ਇਹ ਸ਼ਕਤੀਆਂ ਘਰੇਲੂ ਵੀ ਹੋ ਸਕਦੀਆਂ ਤੇ ਬਾਹਰੀ ਵੀ...
ਨੰਦ ਲਾਲ ਨੂਰਪੁਰੀ ਪੰਜਾਬ ਅਤੇ ਪੰਜਾਬੀ ਦੇ ਵੱਡੇ ਕਵੀ ਤੇ ਗੀਤਕਾਰ ਹੋਏ ਹਨ। ਅਨੇਕਾਂ ਯਾਦਗਾਰੀ ਗੀਤ ਉਨ੍ਹਾਂ ਪਾਠਕਾਂ ਦੀ ਝੋਲੀ ਪਾਏ। ਪੰਜਾਬ ਦੀ ਰਹਿਣੀ-ਬਹਿਣੀ ਅਤੇ ਸੱਭਿਆਚਾਰ ਉਨ੍ਹਾਂ ਦੇ ਗੀਤਾਂ ਵਿਚੋਂ ਝਲਕਦਾ ਵਿਖਾਈ ਦਿੰਦਾ... ਉਨ੍ਹਾਂ ਵੱਲੋਂ ਲਿਖਿਆ ਇਕ ਗੀਤ ਵੇਖੋ... ਇਸ ਵਿੱਚ ਸੁਆਣੀ ਦੀ ਆਪਣੇ ਦੇਸ਼ ਪ੍ਰਤੀ ਸੁਹਿਰਦਤਾ ਵੇਖੋ... ਸੁੱਖ-ਸਕੂਨ ਇਕ ਪਾਸੇ ਰੱਖ ਕੇ ਉਹ ਆਪਣੇ ਪਤੀ ਨੂੰ ਤਨਦੇਹੀ ਨਾਲ ਨੌਕਰੀ ਕਰਨ ਦੀ ਤਾਕੀਦ ਕਰਦੀ ਹੈ...। – ਹਰਦੇਵ ਚੌਹਾਨ
ਕੌਣ ਆਖੂ ਹੌਲਦਾਰਨੀ
ਕੌਣ ਆਖੂ ਹੌਲਦਾਰਨੀ,
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਹੌਲੀ ਜੇਹੀ ਬਾਰੀ ਖੋਲ੍ਹ ਕੇ
ਵਾਜ਼ਾਂ ਦੇਂਦੀਆਂ ਗੋਰੀਆਂ ਬਾਹਵਾਂ ।
ਇਕੋ ਪੁੱਤ ਲੰਬੜਾਂ ਦਾ
ਕੱਲ੍ਹ ਪਾ ਕੇ ਵਰਦੀਆਂ ਲੰਘਿਆ ।
ਪੈਰਾਂ 'ਚ ਪਰੇਟ ਨੱਚਦੀ
ਉਹਦਾ ਲਾਲੀਆਂ ਨੇ ਅੰਗ ਅੰਗ ਰੰਗਿਆ ।
ਮੋਢੇ ਤੇ ਬੰਦੂਕ ਵੇਖ ਕੇ
ਵੇ ਮੈਂ ਵੈਰੀਆ ਨਿਘਰਦੀ ਜਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਤੇਰੇ 'ਤੇ ਜਵਾਨੀ ਕਹਿਰ ਦੀ
ਜਦੋਂ ਪਿਛਲੀ ਲੜਾਈ ਤੂੰ ਲੜਿਆ ।
ਵੱਡਾ ਸਾਹਿਬ ਦੇਵੇ ਥਾਪੀਆਂ
ਤੇਰੇ ਅੱਗੇ ਨਾ ਸ਼ੇਰ ਕੋਈ ਅੜਿਆ ।
ਚਾਈਂ ਚਾਈਂ ਛੌਣੀਆਂ ਵਿਚੋਂ
ਤੇਰਾ ਪੁਛਦੀ ਕਵਾਟਰ ਆਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਤੇਰੀਆਂ ਉਡੀਕਾਂ ਵਿਚ ਵੇ
ਚੋਰੀਂ ਪੇਕਿਆਂ ਤੋਂ ਚਿਠੀਆਂ ਮੈਂ ਪਾਈਆਂ ।
ਤੇਰੀਆਂ ਲੁਕੋ ਕੇ ਚਿੱਠੀਆਂ
ਪੜ੍ਹੀਆਂ ਬੁਲ੍ਹਾਂ 'ਚ ਹੱਸਣ ਭਰਜਾਈਆਂ ।
ਮਿੰਨਤਾਂ ਦੇ ਨਾਲ ਮੰਗ ਕੇ,
ਵੇ ਮੈਂ ਲਖ ਲਖ ਵਾਰ ਪੜ੍ਹਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਇਕ ਵਾਰੀ ਲੈ ਕੇ ਛੁੱਟੀਆਂ
ਜਦੋਂ ਪਿਛਲੇ ਵਰ੍ਹੇ ਤੂੰ ਆਇਆ ।
ਹੱਥਾਂ ਉਤੇ ਲਾ ਕੇ ਮਹਿੰਦੀਆਂ
ਵੇ ਮੈਂ ਸੰਦਲੀ ਦੁਪੱਟਾ ਰੰਗਵਾਇਆ ।
ਅੱਧਾ ਅੱਧਾ ਘੁੰਡ ਕੱਢ ਕੇ
ਸੌਹਰੇ ਸਾਹਮਣੇ ਨਾ ਖੁਲ੍ਹ ਕੇ ਬੁਲਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਜੋਗੀਆਂ ਦੇ ਸਪ ਲੜ ਗਏ,
ਸਪ ਰੰਗੀ ਜਾਂ ਕਮੀਜ਼ ਮੈਂ ਪਾਈ ।
ਦੇਸ਼ ਬੰਗਾਲ ਦੇ ਵਿਚੋਂ
ਇਕ ਵਾਰੀ ਸੀ ਜੇਹੜੀ ਤੂੰ ਭਿਜਵਾਈ ।
ਪੁਛ ਤੂੰ ਹੀ 'ਨੂਰਪੁਰੀ' ਤੋਂ
ਜੇਹੜਾ ਲਿਖਦਾ ਰਹਿਆ ਸਰਨਾਵਾਂ
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।