ਦਲਜੀਤ ਕੌਰ
ਸੰਗਰੂਰ, 24 ਮਈ, 2023: ਖੇਡ ਵਿੰਗ ਸਕੂਲਾਂ ’ਚ ਦਾਖਲੇ ਲਈ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਖਿਡਾਰੀਆਂ ਦੇ ਟਰਾਇਲ ਆਰੰਭ ਹੋ ਗਏ ਹਨ। ਖੇਡ ਵਿਭਾਗ ਪੰਜਾਬ ਵੱਲੋਂ ਦੋ ਦਿਨਾਂ ਟਰਾਇਲਾਂ ਦੌਰਾਨ ਹੋਣਹਾਰ ਖਿਡਾਰੀਆਂ ਤੇ ਖਿਡਾਰਨਾਂ ਦੀ ਚੋਣ ਕਰਨ ਦੀਆਂ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਪਹਿਲੇ ਦਿਨ ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਨੇ ਆਪਣੀ ਨਿਗਰਾਨੀ ਹੇਠ ਟਰਾਇਲ ਕਰਵਾਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਨੇ ਦੱਸਿਆ ਕਿ ਖੇਲੋ ਇੰਡੀਆ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ, ਸਟੇਟ ਮੈਡਲਿਸਟ ਤੇ ਜ਼ਿਲ੍ਹਾ ਮੈਡਲਿਸਟ ਨੂੰ ਇਨ੍ਹਾਂ ਚੋਣ ਟਰਾਇਲਾਂ ਤੋਂ ਛੋਟ ਦਿੰਦੇ ਹੋਏ ਸਿੱਧੇ ਤੌਰ ’ਤੇ ਦਾਖਲਾ ਲੈਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟਰਾਇਲ ਕੱਲ੍ਹ ਮਿਤੀ 25 ਮਈ ਨੂੰ ਵੀ ਜਾਰੀ ਰਹਿਣਗੇ ਜਿਸ ਵਿੱਚ ਤਿੰਨ ਉਮਰ ਵਰਗ ਦੇ ਖਿਡਾਰੀਆਂ ਦੀ ਚੋਣ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅਥਲੈਟਿਕਸ, ਮੁੱਕੇਬਾਜ਼ੀ, ਕਿੱਕ ਬਾਕਸਿੰਗ, ਬਾਸਕਟਬਾਲ, ਫੁੱਟਬਾਲ, ਬੈਡਮਿੰਟਨ, ਖੋਹ ਖੋਹ, ਰੋਲਰ ਸਕੇਟਿੰਗ, ਵਾਲੀਬਾਲ ਤੇ ਵੇਟ ਲਿਫਟਿੰਗ ਖੇਡਾਂ ਵਿੱਚ 14, 17 ਅਤੇ 19 ਸਾਲ ਤੋਂ ਘੱਟ ਉਮਰ ਵਰਗਾਂ ਦੇ ਖਿਡਾਰੀ ਟਰਾਇਲਾਂ ਵਿੱਚ ਹਿੱਸਾ ਲੈ ਰਹੇ ਹਨ।