ਗਜ਼ਲ
ਪੰਜਾਬ ਸਿੰਘ (ਮੋਹਸਿਨ)
ਮੈਂ ਸਾਰਾ ਤਾਂ ਕਦੇ ਨਾ ਮੋਇਆ ਨਾ-ਮੁਮਕਿਨ ਕਿ ਮਰ ਸਕਦਾ ਹਾਂ।
ਬੇਲੇ ਦੀ ਇੱਕ ਖ਼ੁਸ਼ਬੂ ਖ਼ਾਤਿਰ ਸਾਰਾ ਛੋੜ ਸ਼ਹਿਰ ਸਕਦਾ ਹਾਂ।
ਪਾਗਲਖ਼ਾਨੇ ਵਿੱਚ ਵੀ ਮੈਨੂੰ ਇੱਕ ਉਨਮਾਦ ਦੀ ਸੁਹਬਤ ਮਿਲ ਗਈ,
ਅੰਦਰ ਜੋ ਵੀ ਸਹਿਜ ਉਪਜਿਆ ਉਸ ਲਈ ਹੋ ਬੇਘਰ ਸਕਦਾ ਹਾਂ।
ਜਿਸਮਾਂ ਤੋਂ ਉਹ ਪਾਰ ਦੀ ਰੰਗਤ ਜੋ ਚਿਤਵਨ `ਤੇ ਪਸਰ ਗਈ ਹੈ,
ਉਸ ਦਰਸ਼ਨ ਨੂੰ ਮਾਣਨ ਖਾਤਰ ਖ਼ੁਦ ਦਾ ਸਾਗਰ ਤਰ ਸਕਦਾ ਹਾਂ।
ਦੁੱਖ ਦੇ ਕੰਡੇ ਹੀ ਤਾਂ ਆਖਿਰ ਰਾਹਾਂ ਦੇ ਵਿੱਚ ਫੁੱਲ ਬਣਨੇ ਨੇ,
ਇਸ਼ਕ ਤੇਰੇ ਦੀ ਥੋਹਰੀ ਖਾਤਰ ਲੂੰਅ-ਲੂੰਅ ਰੇਤ ਪਸਰ ਸਕਦਾ ਹਾਂ।
’ਨ੍ਹੇਰੇ ਵਿੱਚ ਪਨਪੀ ਹੈ ਹਰ ਸ਼ੈਅ ਚੁੱਪ ਦੇ ਤੌਰ ਸਮਾ ਜਾਣੀ ਹੈ,
ਵਿਗਸਣ ਦੇ ਲਈ ਅਨਹਦ ਵਿੱਚ ਕਰ ਆਪਣੀ ਹੋਂਦ ਸਿਫ਼ਰ ਸਕਦਾ ਹਾਂ।
ਕਸਮ ਜੇ ਮੇਰੀ ਖਾਣੀ ਹੋਵੇ, ਖਾਈਂ ਮੁਹੱਬਤ ਦੇ ਨਾਂ ਉੱਤੇ,
ਦਮ ਤੇਰੇ ਦੀ ਖੈਰ ਜੇ ਮੰਗਾਂ ਲੈ ਆਪਣੇ ਲਈ ਸ਼ਰ1 ਸਕਦਾ ਹਾਂ।
ਜੱਗ ਦੇ ਰੇਗਿਸਤਾਨ ਦੇ ਅੰਦਰ ਜਿਸਦੀ ਸਭ ਤੋਂ ਗੂਹੜੀ ਛਾਂ ਹੈ,
ਜਲ ਰਹੇ ਜਿਸਮ ਤੇ ਮਨ ਦੀ ਖ਼ਾਤਿਰ ਪੂਰਾ ਹੋ ਤਰਵਰ2 ਸਕਦਾ ਹਾਂ।
ਨਾ ਸੁਕਰਾਤ, ਨਾ ਈਸਾ, ਮੂਸਾ, ਨਾ ਮਨਸੂਰ ਤੇ ਨਾ ਸਰਮਦ ਹਾਂ,
ਪਰ ਦੁਨੀਆ ਦੀ ਦੁਖਦੀ ਰਗ `ਤੇ ਕਦੇ ਵੀ ਉਂਗਲੀ ਧਰ ਸਕਦਾ ਹਾਂ।
ਇੱਕ ਪਰਵਾਜ਼ ਕਿ ਦੋ ਕਦਮਾਂ ਵਿੱਚ ਸਾਰੀ ਪੂਰਨ ਹੋ ਜਾਂਦੀ ਹੈ,
ਲਗਨ ਕਿਸੇ ਦੀ ਬਹੁਤ ਜੇ ਗਹਿਰੀ ਤਾਂ ਦੇ ਆਪਣੇ ਪਰ ਸਕਦਾ ਹਾਂ।
ਖਿਰਕੇ ਦੇ ਪਰਛਾਵੇਂ ਹੇਠਾਂ ਜੇ ਕੋਈ ਪੂਰਾ ਸਿਮਟ ਗਿਆ ਹੈ,
ਖ਼ਾਲੀ ਹੈ ਭਾਂਡਾ ਜੇ ਅੱਜ ਤਕ ਕੰਗਣੀ ਤੀਕਰ ਭਰ ਸਕਦਾ ਹਾਂ।
ਕੋਇਲ ਦੀ ਉਹ ਕੂਕ ਜੋ ਮਨ ਦੇ ਖੰਡਰ ਦੇ ਵਿੱਚ ਜਦ ਵੱਜਦੀ ਹੈ,
ਜਿਸਮ ਅਥਾਹ ਵਜਦਾਨ3 ਤੇ ਉਸ ਅਸਮਾਨ ਵਿਚਾਲੇ ਤਰ ਸਕਦਾ ਹਾਂ।
ਹਿਰਸਾਂ ਦਾ ਖੂਹ ਇਤਨਾ ਡੂੰਘਾ ਨਹੀਂ ਕਿ ਪੂਰਾ ਹੋ ਨਹੀਂ ਸਕਦਾ,
ਪੂਰਨ ਜੇ ਗਹਿਰਾਈ ਤਾਂ ਫਿਰ ਲੂਣਾ ਦੇ ਦੁੱਖ ਹਰ ਸਕਦਾ ਹਾਂ।
ਉਮਰ ਅੱਲੜ੍ਹ ਦੇ ਇਸ਼ਕ ਕਸੂਤੇ, ਨਾ ਘਰ ਨਾ ਬਾਹਰ ਦੇ ਛੱਡਦੇ,
ਤਿਲਕਣ ਤਿਲਕਣ, ਧੜਕਣ ਧੜਕਣ, ਐ ਪਰ ਸਹਿਜ ਗੁਜ਼ਰ ਸਕਦਾ ਹਾਂ।
1. ਲੜਾਈ, ਝਗੜਾ, ਦੁੱਖ, ਕਲੇਸ਼ 2. ਬਿਰਛ, ਰੁੱਖ 3. ਖੇੜਾ, ਅਥਾਹ ਅਨੰਦ।
2
ਮਨ ਦੇ ਧੁਰ ਤਾਈਂ ਸਦਾ ਕਲੇਸ਼।
ਵਗਣਾ ਬਾਹਰ ਹਮੇਸ਼ਾ ਖੇਦ1।
ਮੰਡੀ ਦੇ ਵਿੱਚ ਆ ਪਹੁੰਚਾ ਹਾਂ,
ਵੇਚਾਂ, ਕਰ ਕੇ ਭਗਵਾ ਵੇਸ।
ਨਜ਼ਰਾਂ ਦੇ ਵਿੱਚ ਲਿਖਿਆ ਸਭ ਹੀ,
ਕਿਵੇਂ ਲੁਕਾਏ ਫਿਤਰਤ ਭੇਦ।
ਕਿਤੇ ਖ਼ਲਾਅ ਵਿੱਚ ਜਾਵੇ ਗੁੰਮਦੀ,
ਹਿਰਸ, ਸ਼ੁਦਾਅ ਦੀ ਸਨਕੀ ਸੇਧ।
ਹਰਖ ਪਏ ਤਾਂ ਝੱਖੜ ਹੋ ਜਾਏ,
ਉਂਜ ਤਾਂ ਕੀ ਏ ਕਿਣਕਾ ਰੇਤ।
ਲਰਜ਼ ਗਈ ਕਿਸ਼ਤੀ ਮਿਲ ਖੇਵਟ2,
ਪਾਰ ਕਿਨਾਰਿਉਂ ਸੁਣ ਲਈ ਹੇਕ।
ਬਾਹਰ ਕਿਸੇ ਤੋਂ ਆਂਚ3 ਮਿਲੇ ਨਾ,
ਅੰਦਰ ਜੇ ਨਾ ਖ਼ੁਦ ਦੇ ਸੇਕ।
ਰੰਗ ਫਿਰੇ ਪਤਝੜ ਦੀ ਰੁੱਤ ਵੀ,
ਕੇਵਲ ਖ਼ੁਸ਼ੁਬੂ ਕਿਰੇ ਨਾ ਚੇਤ।
ਸਭ ਸਿਰਸਾਮ4 ਹਯਾਤੀ ਹੋ ਗਈ,
ਪੱਬ ਠੰਢੇ ਮਸਤਕ ਵਿੱਚ ਸੇਕ।
ਪਥਰਾਈ ਤਾਂ ਪੱਥਰ ਹੋ ਗਈ,
ਅਨਾ5 ਦੀ ਉੜਦੀ ਪੁੜਦੀ ਰੇਤ।
ਜ਼ਿੰਦਗੀ ਦੇ ਕੀ ਰੂਪ ਕਹਾਂ ਮੈਂ,
ਕਦੇ ਰੰਗਲੀ, ਕਦੇ ਸ਼ਾਮ-ਸ਼ਵੇਤ6।
ਕਿਹੜੇ ਮੁਲਕ ਤੋਂ ਖ਼ਬਰੇ ਆਇਆਂ,
ਨਾ ਧਰਤੀ ਨਾ ਆਪਣਾ ਵੇਸ।
ਨਾਜ਼ਿਮ ਨੇ ਕੀ ਬੀਜ, ਬਿਜਾਈ,
ਭੁੱਖ ਹੀ ਉੱਗ ਪਈ ਖੇਤੋ-ਖੇਤ।
ਨਜ਼ਰਾਂ ਦੇ ਦਿਸਹੱਦੇ ਢੂੰਡਣ,
ਬੂਹੇ ਦੇ ਨਾਲ ਲਾ ਕੇ ਟੇਕ।
ਜਦ ਹੱਡੀਆਂ ਨੂੰ ਲਾਇਆ ਤੇਸਾ,
ਸੀਰੀਂ ਦਾ ਹੱਥ ਆਇਆ ਭੇਤ।
1. ਦੁੱਖ 2. ਚੱਪੂ 3. ਗਰਮੀ 4. ਸਿਰ ਦਾ ਬੁਖ਼ਾਰ 5. ਹਉਮੈਂ 6. ਕਾਲਾ ਚਿੱਟਾ (ਬਲੈਕ ਐਂਡ ਵਾਈਟ)।
+91-9872390736