ਨਵੀਂ ਦਿੱਲੀ, 12 ਮਾਰਚ :-
ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਤਬਾਹੀ ਮਚਾ ਰਿਹਾ ਹੈ। ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ, ਸੰਕਰਮਿਤ ਮਰੀਜ਼ ਨਿਰੰਤਰ ਸਾਹਮਣੇ ਆ ਰਹੇ ਹਨ। ਇਸ ਦੌਰਾਨ, ਕੋਰੋਨਾ ਦਾ ਖ਼ਤਰਾ ਇੰਡੀਅਨ ਪ੍ਰੀਮੀਅਰ ਲੀਗ ਉੱਤੇ ਵੀ ਵੇਖਿਆ ਜਾ ਰਿਹਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਅਨੁਸਾਰ, ਕੋਰੋਨਾ ਵਾਇਰਸ ਕਾਰਨ ਵੀਜ਼ਾ ਪਾਬੰਦੀ ਦਾ ਅਸਰ ਭਾਰਤ ਆਉਣ ਵਾਲੇ ਵਿਦੇਸ਼ੀ ਖਿਡਾਰੀਆਂ' ਤੇ ਪੈ ਸਕਦਾ ਹੈ।
ਦਰਅਸਲ, ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੀ ਸ਼ੁਰੂਆਤ 29 ਮਾਰਚ ਤੋਂ ਹੋ ਰਹੀ ਹੈ, ਪਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਵੀਜ਼ਾ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ, ਇਸ ਪਾਬੰਦੀ ਤੋਂ ਡਿਪਲੋਮੈਟਾਂ, ਅਧਿਕਾਰੀਆਂ, ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਛੋਟ ਰਹੇਗੀ।
ਇਹ ਪਾਬੰਦੀ 13 ਮਾਰਚ 2020 ਤੋਂ ਲਾਗੂ ਹੋਵੇਗੀ। ਇਸ 'ਚ ਸਾਰੇ ਵਿਦੇਸ਼ੀ ਖਿਡਾਰੀ, ਜੋ ਆਈਪੀਐਲ ਲਈ ਭਾਰਤ ਆ ਰਹੇ ਸਨ, ਉਨ੍ਹਾਂ ਉੱਤੇ ਵੀ ਰੋਕ ਲੱਗ ਗਈ ਹੈ। ਅਜਿਹੇ 'ਚ ਲਗਭਗ ਅੱਧੇ ਮਹੀਨੇ ਮਤਲਬ 15 ਅਪ੍ਰੈਲ ਤੱਕ ਕੋਈ ਵੀ ਵਿਦੇਸ਼ੀ ਖਿਡਾਰੀ ਆਈਪੀਐਲ 'ਚ ਸ਼ਾਮਲ ਨਹੀਂ ਹੋ ਸਕੇਗਾ।
ਜਾਣਕਾਰੀ ਮੁਤਾਬਕ, ਆਈਪੀਐਲ ਵਿੱਚ ਖੇਡਣ ਵਾਲੇ ਵਿਦੇਸ਼ੀ ਖਿਡਾਰੀ ਬਿਜਨੈਸ ਵੀਜ਼ਾ ਦੀ ਕੈਟਾਗਰੀ 'ਚ ਆਉਂਦੇ ਹਨ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹ 15 ਅਪ੍ਰੈਲ ਤੱਕ ਭਾਰਤ ਨਹੀਂ ਆ ਸਕਣਗੇ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਮੌਜੂਦਾ ਵਿਦੇਸ਼ੀ ਵੀਜ਼ਾ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤੇ ਹਨ।