ਸਿਹਤ ਮਾਹਿਰਾਂ ਨੇ ਵੱਖ-ਵੱਖ ਸਿਹਤ ਸਕੀਮਾਂ ਬਾਰੇ ਦਿੱਤੀ ਜਾਣਕਾਰੀ
ਦਲਜੀਤ ਕੌਰ
ਸੰਗਰੂਰ, 7 ਅਪ੍ਰੈਲ, 2023: ਵਿਸ਼ਵ ਸਿਹਤ ਦਿਵਸ ਮੌਕੇ ਅੱਜ ਸਿਵਲ ਹਸਪਤਾਲ ਸੰਗਰੂਰ ਵਿਖੇ ਸਿਹਤ ਵਿਭਾਗ ਦੀਆਂ ਵੱਖ-ਵੱਖ ਸਿਹਤ ਸਕੀਮਾਂ ਤੇ ਸਿਹਤ ਸੇਵਾਵਾਂ ਸਬੰਧੀ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਵਿੱਚ ‘ਸਾਰਿਆਂ ਲਈ ਸਿਹਤ' ਦੇ ਸੰਦੇਸ਼ ਹੇਠ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਬਿਨਾਂ ਕਿਸੇ ਭੇਦ ਭਾਵ ਸਾਰਿਆਂ ਨੂੰ ਬਰਾਬਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣੀਆਂ ਹਨ। ਉਨ੍ਹਾਂ ਕਿਹਾ ਕਿ 7 ਅਪ੍ਰੈਲ, 1948 ਨੂੰ ਵਿਸ਼ਵ ਸਿਹਤ ਸੰਸਥਾ ਦਾ ਗਠਨ ਹੋਇਆ ਸੀ ਤੇ ਅੱਜ ਇਸ ਦੀ ਸਥਾਪਨਾ ਨੂੰ 75 ਸਾਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਤੇ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਡੀ.ਐੱਮ.ਸੀ. ਡਾ. ਵਿਕਾਸ ਧੀਰ ਨੇ ਕਿਹਾ ਕਿ ਦਿਲ ਅਤੇ ਹਾਈਪਰਟੈਨਸ਼ਨ ਦੀ ਬਿਮਾਰੀ ਤੋਂ ਬਚਾਅ ਲਈ ਸੈਰ, ਕਸਰਤ ਤੇ ਅਜਿਹੀਆਂ ਹੋਰ ਸਰੀਰਕ ਗਤੀਵਿਧੀਆਂ ਕਰਨੀਆਂ ਜਰੂਰੀ ਹਨ। ਸਰੀਰਕ ਤੰਦਰੁਸਤੀ ਲਈ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਤੇ ਤੰਬਾਕੂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਮੌਕੇ ਲਗਾਈ ਗਈ ਪ੍ਰਦਰਸ਼ਨੀ ਵਿੱਚ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ। ਮਾਸ ਮੀਡੀਆ ਵਿੰਗ ਵੱਲੋਂ ਪ੍ਰਦਰਸ਼ਨੀ ਰਾਹੀਂ ਭਰੂਣ ਹੱਤਿਆ ਰੋਕਣ ਤੇ ਪੀਐਨਡੀਟੀ ਕਾਨੂੰਨ, ਆਰਬੀਐਸਕੇ ਤਹਿਤ ਸਕੂਲ ਤੇ ਆਂਗਨਵਾੜੀ ਕੇਂਦਰਾਂ ਵਿਚ ਦਰਜ ਬੱਚਿਆਂ ਦਾ ਗੰਭੀਰ ਬਿਮਾਰੀਆਂ ਦਾ ਮੁਫ਼ਤ ਇਲਾਜ਼, ਜੱਚਾ-ਬੱਚਾ ਸਿਹਤ ਸਹੂਲਤਾਂ, ਡੇਂਗੂ ਤੇ ਮਲੇਰੀਆ ਤੋਂ ਬਚਾਅ, ਸ਼ੂਗਰ, ਹਾਈਪਰਟੈਨਸ਼ਨ, ਕੈਂਸਰ ਤੇ ਟੀਬੀ ਦੇ ਇਲਾਜ਼, ਆਮ ਆਦਮੀ ਕਲੀਨਿਕਾਂ, ਪੌਸ਼ਟਿਕ ਖੁਰਾਕ, ਪਰਿਵਾਰ ਨਿਯੋਜਨ ਅਤੇ ਨਸ਼ਿਆਂ ਦੀ ਰੋਕਥਾਮ ਲਈ ਓ.ਓ.ਏ.ਟੀ. ਕਲੀਨਿਕ ਵਿਚ ਕੀਤੇ ਜਾ ਰਹੇ ਇਲਾਜ਼ ਤੇ ਹੋਰ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ, ਬਲਾਕ ਐਜੂਕੇਟਰ ਜਸਪਾਲ ਸਿੰਘ, ਕਾਊਂਸਲਰ ਰਜਿੰਦਰ ਸਿੰਘ, ਤਜਿੰਦਰ ਸਿੰਘ ਆਦਿ ਹਾਜ਼ਰ ਸਨ।