ਲੇਖਕ : ਗੁਰਭਜਨ ਗਿੱਲ
ਉਹ ਕਲਮ ਕਿੱਥੇ ਹੈ ਜਨਾਬ
ਉਹ ਕਲਮ ਕਿੱਥੇ ਹੈ ਜਨਾਬ,
ਜਿਸ ਨਾਲ ਸੂਰਮਿਆਂ ਨੇ
ਪਹਿਲੀ ਵਾਰ,
ਇਨਕਲਾਬ ਜ਼ਿੰਦਾਬਾਦ
ਲਿਖਿਆ ਸੀ ।
ਸ਼ਬਦ ਅੰਗਿਆਰ ਬਣੇ,
ਜ਼ਾਲਮ ਦੀਆਂ ਨਜ਼ਰਾਂ ’ਚ
ਮਾਰੂ ਹਥਿਆਰ ਬਣੇ ।
ਬੇਕਸਾਂ ਦੇ ਯਾਰ ਬਣੇ ।
ਨੌਜਵਾਨ ਮੱਥਿਆਂ ’ਚ,
ਸਦੀਵ ਲਲਕਾਰ ਬਣੇ ।
ਉਹ ਜਾਣਦਾ ਸੀ,
ਕਿ ਪਸ਼ੂ ਜਿਵੇਂ
ਰੱਤੇ ਕੱਪੜੇ ਤੋਂ ਡਰਦਾ ਹੈ ।
ਹਨ੍ਹੇਰਾ ਟਟਹਿਣਿਓਂ,
ਹਾਕਮ ਵੀ
ਸ਼ਾਸਤਰ ਤੋਂ ਘਬਰਾਉਂਦਾ ਹੈ ।
ਸ਼ਸਤਰ ਨੂੰ ਉਹ ਕੀ ਸਮਝਦਾ ਹੈ?
ਸ਼ਸਤਰ ਦੇ ਓਹਲੇ ’ਚ ਤਾਂ,
ਲੁੱਟਣਾ ਕੁੱਟਣਾ ਦੋਵੇਂ ਕੰਮ ਆਸਾਨ ।
ਆਪੇ ਬਣੋ ਮਹਾਨ ।
ਕਲਮ ਨੂੰ ਕਲਮ ਕਰਨਾ ਮੁਹਾਲ,
ਪੁੰਗਰਦੀ ਹੈ ਬਾਰ ਬਾਰ ।
ਕਰੂੰਬਲਾਂ ਤੋਂ ਟਾਹਣੀਆਂ ਫਿਰ ਕਲਮਾਂ
ਅਖੰਡ ਪ੍ਰਵਾਹ ਸ਼ਬਦ-ਸਿਰਜਣਾ ਦਾ ।
ਕਿੱਥੇ ਹੈ ਉਹ ਵਰਕਾ,
ਜਿਸ ਤੇ ਬਾਪ ਕਿਸ਼ਨ ਸਿੰਘ ਦੇ ਤਾਬਿਆਦਾਰ ਪੁੱਤਰ ਨੇ
ਲਿਖ ਘੱਲਿਆ ਸੀ ।
ਮੇਰੀ ਜਾਨ ਲਈ,
ਲਾਟ ਸਾਹਿਬ ਨੂੰ ਕੋਈ,
ਅਰਜ਼ੀ ਪੱਤਾ ਨਾ ਪਾਵੀਂ ਬਾਪੂ ।
ਮੈਂ ਆਪਣੀ ਗੱਲ ਆਪ ਕਰਾਂਗਾ ।
ਜਿਸ ਮਾਰਗ ਤੇ ਤੁਰਿਆਂ
ਆਪਣੀ ਹੋਣੀ ਆਪ ਵਰਾਂਗਾ ।
ਵਕਾਲਤ ਜ਼ਲਾਲਤ ਹੈ
ਝੁਕ ਗੋਰੇ ਦਰਬਾਰ ।
ਝੁਕੀਂ ਨਾ ਬਾਬਲਾ,
ਟੁੱਟ ਜਾਵੀਂ, ਪਰ ਲਿਫ਼ੀਂ ਨਾ ਕਦੇ ।
ਕਿੱਥੇ ਹੈ ਉਹ ਕਿਤਾਬ ।
ਜਿਸ ਦਾ ਪੰਨਾ ਮੋੜ ਕੇ,
ਇਨਕਲਾਬੀ ਨਾਲ ਰਿਸ਼ਤਾ ਜੋੜ ਕੇ,
ਸੂਰਮੇ ਨੇ ਕਿਹਾ ਸੀ ।
ਬਾਕੀ ਇਬਾਰਤ,
ਮੁੜ ਮੁੜ ਉਦੋਂ ਤੀਕ ਪੜ੍ਹਦਾ ਰਹਾਂਗਾ ।
ਜਦ ਤੀਕ ਨਹੀਂ ਮੁੱਕਦੀ,
ਗੁਰਬਤ ਤੇ ਜ਼ਹਾਲਤ ।
ਮੈਂ ਬਾਰ ਬਾਰ ਜੰਮ ਕੇ
ਕਰਦਾ ਰਹਾਂਗਾ ਚਿੜੀਆਂ ਦੀ ਵਕਾਲਤ ।
ਮਾਸ ਨੋਚਦੇ ਬਾਜ਼ਾਂ ਦੇ ਖ਼ਿਲਾਫ਼,
ਲੜਦਾ ਰਹਾਂਗਾ ।
ਯੁੱਧ ਕਰਦਾ ਰਹਾਂਗਾ ।
ਕਿੱਥੇ ਹੈ ਉਹ ਦਸਤਾਰ?
ਜਿਸ ਨੂੰ ਸਾਂਭਣ ਲਈ ਚਾਚੇ ਅਜੀਤ ਸਿੰਘ ਨੇ
ਬਾਰਾਂ ਬੇਲਿਆਂ ਨੂੰ ਜਗਾਇਆ ਸੀ ।
ਜਾਬਰ ਹਕੂਮਤਾਂ ਨੂੰ ਲਿਖ ਕੇ ਸੁਣਾਇਆ ਸੀ ।
ਧਰਤੀ ਹਲਵਾਹਕ ਦੀ ਮਾਂ ਹੈ ।
ਹੁਣ ਸਾਨੂੰ ਸੂਰਮੇ ਦਾ
ਪਿਸਤੌਲ ਸੌਂਪ ਕੇ ਕਹਿੰਦੇ ਹੋ,
ਤਾੜੀਆਂ ਵਜਾਓ ਖ਼ੁਸ਼ ਹੋਵੇ ।
ਮੋੜ ਦਿੱਤਾ ਹੈ ਅਸਾਂ ਸ਼ਸਤਰ ।
ਪਰ ਅਸੀਂ ਇੰਜ ਨਹੀਂ ਪਰਚਦੇ ।
ਸੂਰਮੇ ਦੀ ਉਹ ਕਲਮ ਤਾਂ ਪਰਤਾਓ ।
ਉਹ ਵਰਕਾ ਤਾਂ ਵਿਖਾਓ !
ਜਿਸ ਤੇ ਅੰਕਿਤ ਹੈ ਸੂਹੀ ਲਾਟ ਵਾਲਾ
ਮੁਕਤੀ ਮਾਰਗ ਦਾ ਨਕਸ਼ਾ ।
ਜਗਦੇ ਜਾਗਦੇ ਮੱਥੇ ਕੋਲ,
ਪਿਸਤੌਲ ਬਹੁਤ ਮਗਰੋਂ ਆਉਂਦਾ ਹੈ ।
ਦੀਨਾ ਕਾਂਗੜ ਤੋਂ ਜਫ਼ਰਨਾਮਾ ਬੋਲਦਾ ਹੈ!
'ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ।'
ਹਾਰਦੇ ਜਦ ਸਭ ਉਪਾਅ ।
ਠੀਕ ਹਥਿਆਰਾਂ ਦਾ ਰਾਹ ।
ਪਰ ਸੂਰਮੇ ਨੇ ਹਰ ਇਬਾਰਤ,
ਕਲਮ ਨਾਲ ਲਿਖੀ ।
ਤੁਸੀਂ ਓਹੀ ਵਰਕਾ ਚੁੱਕੀ ਫਿਰਦੇ ਹੋ,
ਜੋ ਤੁਹਾਨੂੰ ਪੁੱਗਦਾ ਹੈ ।
ਮੁਕਤੀਆਂ ਦਾ ਸੂਰਜ ਤਾਂ,
ਗਿਆਨ ਭੂਮੀ ਸਿੰਜ ਕੇ,
ਆਪਣਾ ਆਪਾ ਪਿੰਜ ਕੇ,
ਮੱਥਿਆਂ ’ਚੋਂ ਚੜ੍ਹਦਾ ਹੈ ।
ਹੱਕ ਇਨਸਾਫ਼ ਲਈ,
ਰਾਤ ਦਿਨ ਲੜਦਾ ਹੈ ।
(ਤਾਬਿਆਦਾਰ ਪੁੱਤਰ=ਸ਼ਹੀਦ ਭਗਤ ਸਿੰਘ)