ਬੂਥਗੜ੍ਹ , 15 ਮਾਰਚ, ਦੇਸ਼ ਕਲਿੱਕ ਬਿਓਰੋ
ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਤੇ ਸਬੰਧਤ ਸਬ-ਸੈਂਟਰਾਂ ਵਿਖੇ ਵਿਸ਼ਵ ਤਪਦਿਕ ਰੋਕਥਾਮ ਦਿਵਸ ਦੇ ਸਬੰਧ ਵਿਚ ਜਾਗਰੂਕਤਾ ਸਮਾਗਮ ਕਰਵਾਏ ਗਏ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਬੂਥਗੜ੍ਹ ਦੇ ਹਸਪਤਾਲ ਵਿਚ ਆਏ ਹੋਏ ਮਰੀਜ਼ਾਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਟੀ.ਬੀ. ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿਤੀ ਗਈ।
ਡਾ. ਅਰੁਣ ਬਾਂਸਲ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦ ਸਾਡੇ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਤਾਂ ਟੀ.ਬੀ. ਜਿਹੀ ਜਾਨਲੇਵਾ ਬੀਮਾਰੀ ਲੱਗਣ ਦੀ ਸੰਭਾਵਨਾ ਬਣ ਜਾਂਦੀ ਹੈ। ਇਹ ਬੀਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਕਿਸੇ ਵੀ ਸਮੇਂ ਹੋ ਸਕਦੀ ਹੈ। ਪੋਲੀਉ ਵਾਂਗ ਇਸ ਬੀਮਾਰੀ ਦਾ ਵੀ ਮੁਕੰਮਲ ਖ਼ਾਤਮਾ ਜ਼ਰੂਰੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮਿਲ-ਜੁਲ ਕੇ ਇਸ ਬੀਮਾਰੀ ਨਾਲ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟੀਬੀ ਜਿਹੀ ਨਾਮੁਰਾਦ ਬੀਮਾਰੀ ਤੋਂ ਬਚਣ ਲਈ ਸਾਨੂੰ ਅਪਣੇ ਖਾਣ-ਪੀਣ, ਆਲੇ-ਦੁਆਲੇ ਦੀ ਸਾਫ਼-ਸਫ਼ਾਈ ਅਤੇ ਅਪਣੀ ਸਰੀਰਕ ਤੰਦਰੁਸਤੀ ਦਾ ਖ਼ਿਆਲ ਰਖਣਾ ਚਾਹੀਦਾ ਹੈ। ਜੇ ਕਿਸੇ ਨੂੰ ਵੀ ਟੀ.ਬੀ. ਦੇ ਲੱਛਣ ਦਿਸਦੇ ਹਨ ਤਾਂ ਤੁਰਤ ਮਾਹਰ ਡਾਕਟਰ ਕੋਲ ਪਹੁੰਚ ਕੇ ਜਾਂਚ ਕਰਵਾਈ ਜਾਵੇ ਕਿਉਂਕਿ ਸਮੇਂ ਸਿਰ ਹੋਈ ਜਾਂਚ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕ ਸਕਦੀ ਹੈ। ਉਨ੍ਹਾਂ ਦਸਿਆ ਕਿ ਟੀ.ਬੀ. ਦੇ ਮਰੀਜ਼ਾਂ ਨੂੰ ਢੁਕਵੀਂ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ ਪਰ ਸਥਿਤੀ ਇਹ ਹੋਣੀ ਚਾਹੀਦੀ ਹੈ ਕਿ ਅਜਿਹੀ ਸਹਾਇਤਾ ਦੇਣ ਦੀ ਲੋੜ ਹੀ ਨਾ ਪਵੇ। ਇਹ ਤਦ ਹੀ ਹੋ ਸਕਦਾ ਹੈ ਜਦ ਇਸ ਬੀਮਾਰੀ ਦੀ ਹੋਂਦ ਹੀ ਨਾ ਰਹੇ। ਡਾ. ਅਰੁਣ ਨੇ ਦਸਿਆ ਕਿ ਟੀਬੀ ਨੂੰ ਸਾਲ 2025 ਤਕ ਦੇਸ਼ ਵਿਚੋਂ ਮੁਕੰਮਲ ਤੌਰ ’ਤੇ ਖ਼ਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਘਰ, ਆਂਢ-ਗੁਆਂਢ ਜਾਂ ਰਿਸ਼ਤੇਦਾਰੀ ’ਚ ਟੀਬੀ ਦੇ ਲੱਛਣਾਂ ਵਾਲਾ ਕੋਈ ਵਿਅਕਤੀ ਹੈ ਤਾਂ ਤੁਰੰਤ ਉਸ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆ ਕੇ ਉਸ ਦੀ ਜਾਂਚ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਟੀਬੀ ਦਾ ਪੱਕਾ ਇਲਾਜ ਮੌਜੂਦ ਹੈ ਅਤੇ ਇਹ ਬੀਮਾਰੀ ਹੋਣ ’ਤੇ ਘਬਰਾਉਣ ਦੀ ਲੋੜ ਨਹੀਂ। ਹਰ ਸਰਕਾਰੀ ਸਿਹਤ ਸੰਸਥਾ ਵਿਚ ਡਾਟਸ ਪ੍ਰਣਾਲੀ ਰਾਹੀਂ ਇਸ ਦਾ ਬਿਲਕੁਲ ਮੁਫ਼ਤ ਇਲਾਜ ਹੁੰਦਾ ਹੈ।
ਇਸ ਮੌਕੇ ਅਪਥਾਲਮਿਕ ਅਫ਼ਸਰ ਰਾਜਿੰਦਰ ਸਿੰਘ, ਐਲ.ਐਚ.ਵੀ. ਗੁਰਮੀਤ ਕੌਰ, ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਟੀ.ਬੀ. ਦੇ ਟਰੀਟਮੈਂਟ ਸੁਪਰਵਾਇਜ਼ਰ ਰਣਦੀਪ ਕੌਰ, ਬੀ.ਐਸ.ਏ. ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।