ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਗਲੂਕੋਮਾ ਤੋਂ ਬਚਾਅ ਲਈ ਸਹਾਈ: ਡਾ. ਪਰਮਿੰਦਰ ਕੌਰ
ਦਲਜੀਤ ਕੌਰ
ਸੰਗਰੂਰ, 14 ਮਾਰਚ, 2023: ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਵਿਸ਼ਵ ਗਲੂਕੋਮਾ (ਕਾਲਾ ਮੋਤੀਆ) ਹਫਤਾ ਮਨਾਇਆ ਜਾ ਰਿਹਾ ਹੈ। ਇਹ ਹਫ਼ਤਾ 18 ਮਾਰਚ ਤੱਕ ਮਨਾਇਆ ਜਾਵੇਗਾ। ਇਹ ਜਾਣਕਾਰੀ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦਿੱਤੀ।
ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਇਸ ਹਫ਼ਤੇ ਦੌਰਾਨ ਸਿਵਲ ਹਸਪਤਾਲ ਤੇ ਸਬ ਡਵੀਜ਼ਨਲ ਹਸਪਤਾਲਾਂ ਵਿਖੇ ਕਾਲੇ ਮੋਤੀਏ ਦੀ ਜਾਂਚ ਲਈ ਮੁਫ਼ਤ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਗਲੂਕੋਮਾ ਤੋਂ ਪੀੜਤ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ ਤੇ ਉਨ੍ਹਾਂ ਦਾ ਸਮੇਂ ਸਿਰ ਸੁਚੱਜੇ ਢੰਗ ਨਾਲ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਗਲੂਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿੱਚੋਂ ਇਕ ਅਹਿਮ ਕਾਰਨ ਹੈ।ਉਨ੍ਹਾਂ ਕਿਹਾ ਕਿ ਸਮੇਂ ਸਮੇਂ ‘ਤੇ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣ ਨਾਲ ਗਲੂਕੋਮਾ ਦੀ ਜਲਦੀ ਪਛਾਣ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਗਲੂਕੋਮਾ ਹਫ਼ਤਾ ਮੌਕੇ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ (ਆਈ ਮੋਬਾਈਲ) ਡਾ.ਸੰਜੇ ਮਾਥੁਰ ਨੇ ਕਿਹਾ ਕਿ ਗਲੂਕੋਮਾ ਅੱਖ ਦੇ ਦਬਾਅ (ਇੰਟਰਾਓਕੂਲਰ ਪ੍ਰੈਸ਼ਰ) ਵਿੱਚ ਵਾਧੇ ਕਾਰਨ ਆਪਟਿਕ ਨਰਵ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਿਸ ਕਾਰਨ ਵਿਅਕਤੀ ਨੂੰ ਵੇਖਣ ਵਿੱਚ ਸਮੱਸਿਆ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਗਲੂਕੋਮਾ ਤੋਂ ਪੀੜਤ ਹੋ ਸਕਦਾ ਹੈ ਪਰ 60 ਸਾਲ ਤੋਂ ਵੱਧ ਉਮਰ ਦਾ ਵਿਕਅਤੀ ਜਾਂ ਸੂਗਰ, ਹਾਈ ਬਲੱਡ ਪ੍ਰੈਸ਼ਰ, ਮਾਈਓਪੀਆ ਜਿਹੀ ਕੋਈ ਬਿਮਾਰੀ ਜਾਂ ਕੋਰਟੀਕੋਸਟੀਰੋਇਡ ਖਾਸ ਤੌਰ ਤੇ ਲੰਮੇ ਸਮੇਂ ਤੱਕ ਅੱਖਾਂ ਦੀ ਦਵਾਈ ਪਾਉਣ ਵਾਲੇ ਕੁਝ ਵਿਅਕਤੀਆਂ ਲਈ ਵਧੇਰੇ ਜੋਖ਼ਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮਾਂ ਰਹਿੰਦਿਆਂ ਬਿਮਾਰੀ ਦੀ ਪਛਾਣ ਅਤੇ ਸਾਵਧਾਨੀਪੂਰਵਕ ਇਲਾਜ ਕਰਾਉਣ ਨਾਲ ਜ਼ਿਆਦਾਤਰ ਮਾਮਲਿਆਂ ਵਿੱਚ ਨਜ਼ਰ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 40 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਸਮੇਂ ਸਮੇਂ ‘ਤੇ ਆਪਣੀਆਂ ਅੱਖਾਂ ਦੀ ਜਾਂਚ ਕਰਾਉਣੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅੰਜੂ ਸਿੰਗਲਾ, ਅੱਖਾਂ ਦੇ ਮਾਹਰ ਡਾ. ਨਿਧੀ ਗੁਪਤਾ ਮੌਜੂਦ ਸਨ।