\
ਮੋਰਿੰਡਾ 11 ਫਰਵਰੀ (ਭਟੋਆ)
ਸਿੱਖ ਧਰਮ ਇਕੋ ਇਕ ਧਰਮ ਹੈ ਜੋ ਸਮਾਜ ਵਿੱਚ ਸੰਗਤੀ ਸਾਂਝ ਅਤੇ ਸਾਂਝੀਵਾਲਤਾ ਪੈਂਦਾ ਕਰਕੇ ਬ੍ਰਾਹਮਣਵਾਦੀ ਊਚ-ਨੀਚ, ਜਾਤ-ਪਾਤ ਅਤੇ ਬਰਾਦਰੀ ਵਿਤਕਰੇ ਖ਼ਤਮ ਕਰਦੀ ਹੈ। ਇਸ ਤਰ੍ਹਾਂ ਦੀ ਸਿੱਖੀ ਜੀਵਨ-ਜਾਚ ਸਿੱਖਾਂ ਦੀ ਅੱਡਰੀ ਪਛਾਣ ਉੱਤੇ ਜ਼ੋਰ ਦੇਣ ਦੀ ਬਜਾਏ, ਸਿੱਖਾਂ ਨੂੰ ਸਮਾਜ ਦਾ ਹਿਰਾਵਲ ਦਸਤਾ ਬਣਾਕੇ “ਸਰਬੱਤ ਦੇ ਭਲੇ” ਦੇ ਸੰਕਲਪ ਦਾ ਅਮਲੀ ਵਾਹਕ ਬਣਾਉਂਦੀ ਹੈ।
ਇਹ ਵਿਚਾਰ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸਵਰਾਜਬੀਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ-ਚਾਂਸਲਰ ਸਵਰਨ ਸਿੰਘ ਬੋਪਾਰਾਏ ਨੇ ਭਾਈ ਅਸ਼ੋਕ ਸਿੰਘ ਬਾਗੜੀਆਂ ਦੁਆਰਾ ਲਿਖੀ ਕਿਤਾਬ, “ਭਾਰਤ ਵਿੱਚ ਪੰਜਾਬ ਸਿੱਖ ਸਿਆਸਤ ਅਤੇ ਸਿੱਖ” ਦੇ ਲੋਕ ਅਰਪਨ ਸਮਾਗਮ ਵਿੱਚ ਕਹੇ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵੱਲੋਂ ਪ੍ਰਕਾਸ਼ਤ ਕੀਤੀ ਇਸ ਪੁਸਤਕ ਦੇ ਸਬੰਧ ਵਿੱਚ ਪੇਪਰ ਪੜ੍ਹਦਿਆਂ, ਡਾ. ਸਵਰਾਜਬੀਰ ਨੇ ਕਿਹਾ ਕਿ ਸਿੱਖੀ ਫਲਸਫੇ ਅਤੇ ਸਿਧਾਂਤ ਨੇ ਸਮਾਜਿਕ ਸਾਂਝੀਵਾਲਤਾ ਦਾ ਇੱਕ ਅਸਲੀ ਮਾਹੌਲ 17 ਵੀਂ 18 ਵੀਂ ਸਦੀ ਵਿੱਚ ਸਿਰਜਿਆ ਸੀ ਜਿਸ ਕਰਕੇ 10-12 ਪ੍ਰਤੀਸ਼ਤ ਸਿੱਖ ਆਬਾਦੀ ਇਕ ਸਮਾਜ ਦਾ ਹਿਰਾਵਲ ਦਸਤਾ ਬਣ ਮੁਗਲ ਸਾਮਰਾਜ ਦੀਆਂ ਜੜ੍ਹਾਂ ਉਖਾੜਕੇ ਮਿਸਲਾਂ ਬਣੀਆਂ ਫਿਰ 40 ਸਾਲ ਲੰਬੇ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਹੋਈ।
ਉਸ ਸਮੇਂ ਸਿੱਖਾਂ ਦੀ ਸਾਂਝੀਵਾਲਤਾ ਵਾਲੀ ਜੀਵਨ-ਜੁਗਤ ਨੂੰ ਪ੍ਰਵਾਨ ਕਰਦਿਆਂ ਬਹੁਗਿਣਤੀ ਮੁਸਲਮਾਨ ਸਮਾਜ ਅਤੇ ਵੱਡੀ ਗਿਣਤੀ ਹਿੰਦੂ ਰਣਜੀਤ ਸਿੰਘ ਦੇ ਰਾਜ ਦੇ ਪਾਂਧੀ ਬਣੇ। ਔਰੰਗਜੇਬ ਵੱਲੋਂ ਪਿਉ ਨੂੰ ਕੈਂਦ ਕਰਕੇ ਅਤੇ ਭਰਾਵਾਂ ਨੂੰ ਕਤਲ ਕਰਕੇ, ਮੁਗਲ ਸਲਤਨਤ ਉੱਤੇ ਕਬਜ਼ਾ ਕਰਨ ਨੂੰ ਜਾਮਾ ਮਸਜਿਦ ਦੇ ਸ਼ਾਹੀ ਕਾਜ਼ੀ ਨੇ ਮਾਨਤਾ ਨਹੀਂ ਦਿੱਤੀ ਸੀ ਅਤੇ ਔਰੰਗਜੇਬ ਦੇ ਹੱਕ ਵਿੱਚ ਖੁਤਬਾ ਪੜ੍ਹਨ ਤੋਂ ਨਾਂਹ ਕਰ ਦਿੱਤੀ ਸੀ। ਪਰ ਗੁਜਰਾਤ ਤੋਂ ਆਏ ਇਕ ਕਾਜੀ ਨੇ ਲਾਲਚ ਵੱਸ ਅਤੇ ਰਾਜ ਸੱਤਾ ਦੇ ਤੇਜ਼ ਅੱਗੇ ਝੁਕਦਿਆਂ ਔਰੰਗਜੇਬ ਦੇ ਹੱਕ ਵਿੱਚ ਖੁਤਬਾ ਪੜ੍ਹਕੇ ਸ਼ਾਹੀ ਕਾਜ਼ੀ ਦਾ ਰੁਤਬਾ ਅਖਤਿਆਰ ਕਰ ਲਿਆ ਸੀ। ਇਓਂ, ਡਾ ਸਵਰਾਜਬੀਰ ਨੇ ਕਿਹਾ ਪੁਰਾਤਨ ਸਮਿਆਂ ਤੋਂ ਧਰਮ ਅਤੇ ਸਿਆਸਤ ਇਕ-ਦੂਜੇ ਤੋਂ ਜੁੱਦਾ ਨਹੀਂ ਅਤੇ ਰਾਜ ਸੱਤਾ ਵਾਹ ਲਗਦੀ ਧਰਮ ਦੀ ਦੁਰਵਰਤੋਂ ਕਰਦੀ ਹੈ।
ਇਸ ਸਬੰਧ ਵਿੱਚ ਸ. ਬੋਪਾਰਾਏ ਨੇ ਕਿਹਾ 1947 ਦੀ ਵੰਡ ਸਮੇਂ ਸਿਆਸਤ ਨੇ ਧਰਮਾਂ ਦੀ ਵੱਡੀ ਪੱਧਰ ਉੱਤੇ ਦੁਰਵਰਤੋਂ ਕਰਕੇ ਉਸ ਸਮੇਂ ਮਿਲੀਅਨ ਲੋਕ ਕਤਲ ਹੋਏ ਅਤੇ 80 ਤੋਂ 100 ਲੱਖ ਘਰੋਂ ਬੇਘਰ ਹੋਏ ਅਤੇ ਲੱਖਾਂ ਔਰਤਾਂ ਦੀ ਬੇਪਤੀ ਹੋਈ ਹੈ।
ਸ. ਬੋਪਾਰਾਏ ਨੇ ਕਿਹਾ ਕਿ ਪੰਜਾਬੀ ਤਾਂ 1947 ਦੇ ਦੁਖਾਂਤ ਨੂੰ ਭੁਲਦਿਆਂ ਹੁਣ ਲਹਿੰਦੇ ਚੜ੍ਹਦੇ ਪੰਜਾਬਾਂ ਦੀ ਸਾਂਝ ਨੂੰ ਤਾਂਘਦੇ ਹਨ ਪਰ, ਅਫਸੋਸ ਹੈ, ਪੜ੍ਹੇ ਲਿਖੇ ਸਮਝਦਾਰ ਭਾਰਤੀ ਵੀ ਫਿਰਕਾਪ੍ਰਸਤੀ ਦੀ ਹਨੇਰੀ ਵਿੱਚ ਰੁੜ੍ਹ ਗਏ ਲਗਦੇ ਹਨ ਅਤੇ ਮੁਸਲਮਾਨ ਘੱਟ ਗਿਣਤੀ ਪ੍ਰਤੀ ਹਿਕਾਰਤ ਦੀ ਭਾਵਨਾ ਰੱਖਦੇ ਹਨ।
ਸ. ਬੋਪਾਰਾਏ ਅਤੇ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਮਰਦਾਕੇ ਦੀ ਵੰਸ ਵੱਲੋਂ ਦਰਬਾਰ ਸਾਹਿਬ ਅੰਦਰ ਕੀਰਤਨ ਕਰਨ ਅਤੇ ਪੁਰਾਨੀਆਂ ਪੰਜਾਬੀ ਧਾਰਮਿਕ ਸਾਂਝਾ ਨੂੰ ਮੁੜ੍ਹ ਸੁਰਜੀਤ ਕਰਨ ਉੱਤੇ ਜ਼ੋਰ ਦਿੱਤਾ। ਕਿਤਾਬ ਉਹਨਾਂ ਦੇ ਅਖਬਾਰਾ ਵਿੱਚ ਛਪੇ ਲੇਖਾਂ ਦਾ ਸੰਗ੍ਰਿਹ ਹੈ ਜਿੰਨ੍ਹਾਂ ਵਿੱਚ ਉਹ ਸਿੱਖਾਂ ਅੰਦਰ ਡੇਰੇਵਾਦ ਅਤੇ ਬ੍ਰਾਹਮਣ ਦੇ ਦਾਖਲੇ ਰਾਹੀਂ ਸਿੱਖਾਂ ਨੂੰ ਸ਼ਬਦ-ਗੁਰੂ ਤੋਂ ਸ਼ਖਸੀ/ਵਿਅਕਤੀ ਪੂਜਾ ਵੱਲ ਲੈਕੇ ਜਾਣ ਦੇ ਵਰਤਾਰੇ ਨੂੰ ਸਿੱਖੀ ਦੀ ਵੱਡੀ ਗਿਰਾਵਟ ਦੱਸਿਆ।
ਭਾਈ ਸਾਹਿਬ ਨੇ ਆਪਣੀ ਤਿਖੀਆਂ ਟਿਪਣੀਆਂ ਰਾਹੀ ਸਿੱਖਾਂ ਨੂੰ ਸੁਚੇਤ ਕੀਤਾ ਹੈ ਕਿ ਅਕਾਲੀ ਸਿਆਸਤ ਅਤੇ ਉਸਦੇ ਕਬਜ਼ੇ ਅਧੀਨ ਸ਼੍ਰੋਮਣੀ ਕਮੇਟੀ ਨੇ ਸਿੱਖ ਦਰਮ ਉੱਤੇ ਬ੍ਰਾਹਮਣਵਾਦੀ ਹਿੰਦੂਤਵੀ ਰਾਜਨੀਤੀ ਦਾ ਪੂਰਾ ਗਲਬਾ ਕਾਇਮ ਕਰ ਦਿੱਤਾ ਹੈ। ਅਤੇ ਦਰਬਾਰ ਸਾਹਿਬ ਅੰਦਰ ਅਕਾਲ ਤਖ਼ਤ ਤੋਂ ਉੱਚੀ ਯਾਦਗਾਰ ਦੀ ਉਸਾਰੀ ਕਰਕੇ, ਅਕਾਲ ਤਖ਼ਤ ਰਾਹੀ ਸੰਕਲਪਤ ਸਿੱਖ ਪ੍ਰਭੂਸੱਤਾ ਨੂੰ ਵੱਡੀ ਚੋਟ ਮਾਰੀ ਹੈ।
ਡਾ. ਪਿਆਰਾ ਲਾਲ ਗਰਗ ਨੇ ਕਿਹਾ ਭਾਈ ਸਾਹਿਬ ਦੀ ਪੁਸਤਕ ਸਿੰਘ ਸਭਾ ਲਹਿਰ ਦੇ ਵਿਚਾਰਾਂ/ਸੁਧਾਰਾਂ ਦੀ ਪੁਰਜ਼ੋਰ ਪ੍ਰੜੋਤਾ ਕਰਦੀ ਹੈ ਅਤੇ ਬ੍ਰਾਹਮਣਵਾਦ/ਡੇਰੇਵਾਦ ਦੇ ਹਮਲਿਆਂ ਨੂੰ ਦਲੇਰੀ ਨਾਲ ਨੰਗਾ ਕਰਦੀ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਨੇ ਕਿਹਾ, ਸਿੰਘ ਸਭਾ ਲਹਿਰ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਨ ਕਰਕੇ, 150 ਸਾਲਾ ਸ਼ਤਾਬਦੀ ਸਮੇਂ, ਕਿਤਾਬ ਦਾ ਜਨਤਕ ਹੋਣਾ, ਭਾਈ ਸਾਹਿਬ ਦਾ ਵੱਡਮੁਲਾ ਯੋਗਦਾਨ ਹੈ।
ਇਸ ਸਮਾਗਮ ਵਿੱਚ ਜਸਪਾਲ ਸਿੰਘ ਸਿੱਧੂ ਪੱਤਰਕਾਰ, ਹਰਪ੍ਰਿਆ ਕੌਰ, ਭਵਕਰਨ ਸਿੰਘ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਹੀ, ਸੁਰਿੰਦਰ ਸਿੰਘ ਕਿਸ਼ਨਪੁਰਾ, ਪ੍ਰੋਫੈਸਰ ਮਨਜੀਤ ਸਿੰਘ, ਮਾਲਵਿੰਦਰ ਸਿੰਘ ਮਾਲੀ, ਗੁਰਦਰਸ਼ਨ ਸਿੰਘ ਢਿਲੋਂ, ਅਮਰਜੀਤ ਸਿੰਘ ਧਵਨ, ਇਮਾਨ ਸਿੰਘ ਮਾਨ (ਅਕਾਲੀ ਦਲ ਅੰਮ੍ਰਿਤਸਰ), ਡਾ. ਹਰਦੇਵ ਸਿੰਘ ਵਿਰਕ ਅਤੇ ਇੰਦਰਜੀਤ ਸਿੰਘ ਜੈਜੀ ਅਤੇ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਵੀ ਹਾਜ਼ਰ ਸਨ।