ਫਤਿਹ ਪ੍ਰਭਾਕਰ
ਸੰਗਰੂਰ, 7 ਫਰਵਰੀ:ਐਸ.ਐਸ.ਪੀ. ਸੰਗਰੂਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਸਪੋਰਟਸ ਕਲੱਬ ਪੁਲਿਸ ਲਾਇਨ ਸੰਗਰੂਰ ਵਿੱਚ ਕਬੱਡੀ, ਸਕੇਟਿੰਗ, ਬਾਕਸਿੰਗ, ਅਥਲੈਟਿਕਸ, ਵਾਲੀਬਾਲ ਅਤੇ ਤੈਰਾਕੀ ਨਾਲ ਸਬੰਧਤ ਕਰੀਬ 250 ਬੱਚੇ ਤਿਆਰੀ ਕਰਦੇ ਹਨ। ਇਨ੍ਹਾਂ ਬੱਚਿਆਂ ਵੱਲੋਂ ਸਾਲ 2022 ਦੌਰਾਨ ਤੈਰਾਕੀ ਵਿੱਚੋਂ 237 ਮੈਡਲ, ਅਥਲੈਟਿਕਸ ਵਿੱਚੋਂ 50 ਮੈਡਲ, ਕਬੱਡੀ ਵਿੱਚੋਂ 35 ਮੈਡਲ, ਸਕੇਟਿੰਗ ਵਿੱਚੋਂ 178 ਮੈਡਲ, ਬਾਕਸਿੰਗ ਵਿੱਚੋਂ 43 ਮੈਡਲ, ਵਾਲੀਬਾਲ ਵਿੱਚੋਂ 16 ਮੈਡਲ, ਕੁੱਲ 559 ਮੈਡਲ ਹਾਸਲ ਕੀਤੇ ਗਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਪੁਲਿਸ ਲਾਇਨ ਸੰਗਰੂਰ ਵਿਖੇ ਸਮਾਗਮ ਰੱਖਿਆ ਗਿਆ ਜਿਸ ਵਿੱਚ ਸਪੈਸ਼ਲ ਡੀ.ਜੀ.ਪੀ. ਕਮਿਉਨਿਟੀ ਅਫੇਅਰਜ਼ ਡਵੀਜ਼ਨ ਅਤੇ ਵੂਮੈਨ ਅਫੇਅਰਜ਼ ਗੁਰਪ੍ਰੀਤ ਕੌਰ ਦਿਓ, ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਸ੍ਰੀ ਮੁਖਵਿੰਦਰ ਸਿੰਘ ਛੀਨਾ, ਐਸ.ਐਸ.ਪੀ. ਬਰਨਾਲਾ ਸੰਦੀਪ ਕੁਮਾਰ ਮਲਿਕ ਅਤੇ ਐਸ.ਐਸ.ਪੀ. ਮਲੇਰਕੋਟਲਾ ਅਵਨੀਤ ਕੌਰ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਸਮਾਗਮ ’ਚ ਪੁਲਿਸ ਸਪੋਰਟਸ ਕਲੱਬ ਪੁਲਿਸ ਲਾਇਨ ਸੰਗਰੂਰ ਵਿਖੇ ਪ੍ਰੈਕਟਿਸ ਕਰ ਰਹੇ ਹੋਣਹਾਰ ਅਤੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਤੇ ਖਿਡਾਰਨਾਂ ਸ਼ਾਮਲ ਹਨ, ਨੂੰ ਉਹਨਾਂ ਦੀਆਂ ਖੇਡਾਂ ਵਿੱਚ ਉੱਪਲਬਧੀਆਂ ਹੋਣ ਕਰਕੇ ਹੌਸਲਾਂ ਅਫਜ਼ਾਈ ਲਈ ਸਾਂਝ ਕੇਂਦਰ ਦੇ ਫੈਸੀਲੀਟੇਸ਼ਨ ਚਾਰਜਾਂ ਵਿੱਚੋਂ 120 ਟਰੈਕ ਸੂਟ, ਟੀ ਸ਼ਰਟਾਂ ਅਤੇ ਸਪੋਰਟਸ ਬੂਟ ਵੰਡੇ ਗਏ। ਸਪੈਸ਼ਲ ਡੀ.ਜੀ.ਪੀ. ਕਮਿਉਨਿਟੀ ਅਫੇਅਰਜ਼ ਡਵੀਜ਼ਨ ਅਤੇ ਮਹਿਲਾ ਮਾਮਲੇ ਗੁਰਪ੍ਰੀਤ ਕੌਰ ਦਿਓ ਵੱਲੋਂ ਸਮਾਗਮ ਤੋਂ ਬਾਅਦ ਮੀਟਿੰਗ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਡੀ.ਸੀ.ਪੀ.ਓ. ਜਸਵੀਰ ਸਿੰਘ, ਕਪਤਾਨ ਪੁਲਿਸ (ਪੀ.ਬੀ.ਆਈ) ਸੰਗਰੂਰ ਮਨਪ੍ਰੀਤ ਸਿੰਘ, ਗਜ਼ਟਿਡ ਅਫਸਰਾਨ, ਇੰਚਾਰਜ ਸਾਂਝ ਕੇਂਦਰਾਂ, ਇੰਚਾਰਜ ਮਹਿਲਾ ਪੁਲਿਸ ਥਾਣਾ ਅਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਨੇ ਭਾਗ ਲਿਆ,। ਇਸ ਮੌਕੇ ਉਨ੍ਹਾਂ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਅਪਰਾਧਾਂ ਦੀ ਸਮੀਖਿਆ ਕਰਦੇ ਹੋਏ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਸਾਂਝ ਕੇਂਦਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਨੂੰ ਸਮੇਂ ਸਿਰ ਦੇਣ ਲਈ ਪੰਜਾਬ ਟਰਾਂਸਪੇਰੈਂਸੀ ਅਤੇ ਅਕਾਉਂਟੇਬਿਲਿਟੀ ਐਕਟ 2018 ਨੂੰ ਇੰਨ-ਬਿੰਨ ਲਾਗੂ ਕਰਨ ਦੀ ਹਦਾਇਤ ਕੀਤੀ।