ਮੋਰਿੰਡਾ , 5 ਫਰਵਰੀ ( ਭਟੋਆ)
ਸਾਹਿਤ ਸਭਾ ਬਹਿਰਾਮਪੁਰ ਬੇਟ ਦੀ ਮਾਸਿਕ ਇਕੱਤਰਤਾ ਵਿੱਚ ਅਨੀਰੁੱਧ ਕਾਲਾ ਦੇ ਕਹਾਣੀ ਸੰਗ੍ਰਹਿ `ਲਹੌਰ ਦਾ ਪਾਗ਼ਲਖਾਨਾਂ ʼ ਅਤੇ ਮੋਹਣ ਲਾਲ ਫਲੌਰੀਆ ਦੀ ਕਹਾਣੀ `ਮੋਚੀ ਦਾ ਪੁੱਤ ʼ ਸਮੇਤ ਸਆਦਤ ਹਸਨ ਮੰਟੋ ਦੀ ਪੁਸਤਕ `ਮੰਟੋਨਾਵਾਂ ʼਉੱਤੇ ਚਰਚਾ ਹੋਈ। ਹਰਨਾਮ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਹਾਣੀ ਸੰਗ੍ਰਹਿ ਲਹੌਰ ਦਾ ਪਾਗ਼ਲਖਾਨਾ ਦੀ ਜਾਣ ਪਹਿਚਾਣ ਕਰਾਉਂਦਿਆਂ ਕੁਲਵਿੰਦਰ ਨੇ ਦੱਸਿਆ ਕਿ ਫਿਰਕੂ ਆਧਾਰ ਉੱਤੇ ਸੰਨ ਸੰਤਾਲੀ ਵਿੱਚ ਹੋਈ ਵੰਡ ਦਾ ਵਿਸਤਾਰ ਸਿਰਜਦੀ ਇਹ ਪੁਸਤਕ ਧਾਰਮਿਕ ਲੋਕਾਂ ਦੀ ਕੱਟੜਤਾ ਤੋਂ ਪਾਠਕਾਂ ਨੂੰ ਸੁਚੇਤ ਕਰਦੀ ਹੈ। ਇਸ ਪੁਸਤਕ ਦੇ ਪ੍ਰਭਾਵ ਕਬੂਲਦਿਆਂ ਕੁਲਵਿੰਦਰ ਨੇ ਕਿਹਾ ਕਿ ਪੱਖਪਾਤ ਆਧਾਰਤ ਫਿਰਕੂ ਭਾਵਨਾਵਾਂ ਕਦੇ ਵੀ ਮਨੁੱਖਤਾ ਦੇ ਭਲੇ ਦੀ ਤਰਜ਼ਮਾਨੀ ਨਹੀਂ ਕਰ ਸਕਦੀਆਂ। ਉਪਰੰਤ ਮੋਹਨ ਲਾਲ ਰਾਹੀ ਵਲੋਂ ਮੋਹਣ ਲਾਲ ਫਲੌਰੀਆ ਦੀ ਬਹੁ ਚਰਚਿਤ ਕਹਾਣੀ 'ਮੋਤੀ ਦਾ ਪੁੱਤ ਪੜ੍ਹ' ਕੇ ਹਾਜ਼ਰ ਸਾਹਿਤਕਾਰਾਂ ਨੂੰ ਚਰਚਾ ਦਾ ਸੱਦਾ ਦਿੱਤਾ। ਇਸ ਚਰਚਾ ਵਿੱਚ ਭਾਗ ਲੈਂਦਿਆਂ ਡਾਕਟਰ ਦੌਲਤ ਰਾਮ ਲੋਈ, ਹਰਨਾਮ ਸਿੰਘ ਡੱਲਾ, ਸੁਰਿੰਦਰ ਰਸੂਲਪੁਰ ਅਤੇ ਡਾਕਟਰ ਤੇਜਪਾਲ ਸਿੰਘ ਕੰਗ ਨੇ ਕਿਹਾ ਕਿ ਕਿਰਤੀ ਸ਼੍ਰੇਣੀ ਦੇ ਲੋਕਾਂ ਦੇ ਹਾਲਤ ਅਤੇ ਭਾਰਤੀ ਸਮਾਜਿਕ ਬਣਤਰ ਵਿੱਚ ਸਨਮਾਨ ਦੇਣ ਦੀ ਗੱਲ ਕਰਦੀ ਇਹ ਕਹਾਣੀ ਨਵੇਂ ਸਮਾਜ ਨੂੰ ਸੇਧ ਦੇ ਰਹੀ ਹੈ, ਜਾਤੀ ਵਿਵਸਥਾ ਦਾ ਅੰਤ ਹੋਣ ਨਾਲ ਹੀ ਮਾਨਵਤਾ ਦਾ ਭਲਾ ਹੋ ਸਕਦਾ ਹੈ। ਇਸ ਤੋਂ ਬਾਅਦ ਡਾਕਟਰ ਰਾਜਪਾਲ ਸਿੰਘ ਨੇ ਸਆਦਤ ਹਸਨ ਮੰਟੋ ਦੀ ਪੁਸਤਕ 'ਮੰਟੋਨਾਵਾਂ' ਉੱਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਮੰਟੋ ਸਾਂਝੇ ਭਾਰਤ ਦਾ ਕੱਦਾਵਾਰ ਸਕਾਲਰ ਹੈ। 'ਮੰਟੋਨਾਵਾਂ' ਵਿੱਚ ਸਆਦਤ ਹਸਨ ਮੰਟੋ ਨੇ ਦੁਨੀਆਂ ਦੇ ਵੱਡੇ ਦਾਰਸ਼ਨਿਕਾਂ ਦੀ ਵਿਚਾਰਧਾਰਾ ਨੂੰ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ। ਕਹਾਣੀਆਂ, ਨਾਟਕਾਂ ਅਤੇ ਵਿਚਾਰਧਾਰਕ ਲਿਖਤਾਂ ਕਰਕੇ ਜਾਣੇ ਜਾਂਦੇ ਇਸ ਲੇਖਕ ਨੂੰ 'ਰੱਬ ਦੇ ਸ਼ਰੀਕ' ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਮੌਕੇ ਮਨਮੋਹਨ ਸਿੰਘ ਰਾਣਾ, ਬਾਪੂ ਸੁੱਚਾ ਸਿੰਘ ਅਧਰੇੜਾ, ਡਾਕਟਰ ਗੁਰਪ੍ਰਸਾਦ ਸਿੰਘ,ਰਾਣਾ ਕੰਵਰਫੂਲ ਸਿੰਘ ਅਤੇ ਅਜਮੇਰ ਫਿਰੋਜ਼ਪੁਰੀ ਨੇ ਵੀ ਹਾਜ਼ਰੀ ਭਰੀ। ਇਸੇ ਦੌਰਾਨ ਹਾਜ਼ਰ ਸਾਹਿਤਕਾਰਾਂ ਵਲੋਂ ਆਪੋ ਆਪਣੀਆਂ ਰਚਨਾਵਾਂ ਵੀ ਪੜ੍ਹੀਆਂ ਗਈਆਂ।
ਬਾਪੂ ਸੁੱਚਾ ਸਿੰਘ ਅਧਰੇੜਾ ਨੇ ਆਪਣੀ ਪੋਤਰੀ ਡਾਕਟਰ ਜਸਪ੍ਰੀਤ ਕੌਰ ਦੇ ਵਿਆਹ ਦੀ ਖੁਸ਼ੀ ਵਿੱਚ ਸਾਹਿਤ ਸਭਾ ਬਹਿਰਾਮਪੁਰ ਬੇਟ ਨੂੰ 3100 ਰੁਪਏ ਦੀ ਮਾਲੀ ਮੱਦਦ ਵੀ ਦਿੱਤੀ।