ਦਲਜੀਤ ਕੌਰ
ਸੰਗਰੂਰ, 2 ਫ਼ਰਵਰੀ, 2023: ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ 4 ਫ਼ਰਵਰੀ 2023 ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਕੈਂਸਰ ਸਕ੍ਰੀਨਿੰਗ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਮੂੰਹ ਦਾ ਕੈਂਸਰ, ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਛਾਤੀ ਦੇ ਕੈਂਸਰ ਦੀ ਸਕ੍ਰੀਨਿੰਗ ਕੀਤੀ ਜਾਵੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਕੈਂਸਰ ਦੀ ਜਲਦੀ ਪਛਾਣ ਹੋਣ ‘ਤੇ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਛਾਤੀ ਵਿੱਚ ਹੋਣ ਵਾਲੀਆਂ ਗਿਲਟੀਆਂ, ਨਾ ਠੀਕ ਹੋਣ ਵਾਲਾ ਮੂੰਹ ਦਾ ਛਾਲਾ, ਭੁੱਖ ਨਾ ਲੱਗਣਾ, ਲਗਾਤਾਰ ਵਜ਼ਨ ਦਾ ਘੱਟ ਹੋਣਾ, ਪਾਚਨ ਸ਼ਕਤੀ ਅਤੇ ਪਖਾਨਾ ਕਿਰਿਆ ਵਿੱਚ ਅਚਾਨਕ ਬਦਲਾਅ ਆਉਣਾ, ਬਿਨਾਂ ਕਾਰਨ ਸ਼ਰੀਰ ਵਿੱਚ ਕੰਮਜ਼ੋਰੀ ਮਹਿਸੂਸ ਹੋਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਉਪਰੋਕਤ ਕੋਈ ਵੀ ਲੱਛਣ ਮਹਿਸੂਸ ਹੁੰਦੇ ਹੋਣ ਤਾਂ ਉਹ 4 ਫ਼ਰਵਰੀ 2023 ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਕੈਂਸਰ ਸਕ੍ਰੀਨਿੰਗ ਕੈਂਪ ਵਿੱਚ ਜ਼ਰੂਰ ਆਉਣ ਤਾਂਜੋ ਕੈਂਸਰ ਦੀ ਜਲਦੀ ਪਛਾਣ ਹੋ ਸਕੇ ਤੇ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਕ੍ਰਿਨੰਗ ਕੈਂਪ ਬਿਲਕੁਲ ਮੁਫ਼ਤ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ।