ਸਾਰੀ ਧਰਤੀ ਮੇਰੀ,
ਕਿਉਂ ਮਹਿਮਾਨ ਬਣਾਂ?
ਮੈਂ ਤਾਂ ਏਥੇ ਆਇਆਂ, ਡੇਰਾ ਲਾਵਾਂਗਾ।
ਕਬਜ਼ੇ ਲਈ, ਇਕ ਗਿੱਠ ਵੀ ਮੈਨੂੰ ਲੋੜ ਨਹੀਂ,
ਮੈਂ ਤਾਂ ਤੇਰੇ ਦਿਲ ਅੰਦਰ ਬਹਿ ਜਾਵਾਂਗਾ।
ਜੀਕਣ ਫੁੱਲ ਵਿਚ ਰੰਗ ਤੇ ਖ਼ੁਸ਼ਬੂ ਵੱਸਦੀ ਹੈ।
ਕਦਰਦਾਨ ਨੂੰ ਸਭ ਸਿਰਨਾਵੇਂ ਦੱਸਦੀ ਹੈ।
ਕੱਲ-ਮੁ-ਕੱਲੀ ਰੋਂਦੀ, ਨਾਲੇ ਹੱਸਦੀ ਹੈ।
ਮੈਂ ਵੀ ਤੇਰੇ ਅੰਗ ਸੰਗ ਏਦਾਂ ਚਾਹਵਾਂਗਾ।
ਜਿਸ ਧਰਤੀ ਤੇ ਬਿਰਖ਼ ਬਰੂਟੇ ਦਿਸਦੇ ਨਹੀਂ।
ਅੱਖੀਆਂ ਵਿਚੋਂ ਅੱਥਰੂ ਚਸ਼ਮੇ ਰਿਸਦੇ ਨਹੀਂ।
ਦਰਦ ਵੇਖ ਕੇ ਦਿਲ ਦੇ ਛਾਲੇ ਫਿਸਦੇ ਨਹੀਂ।
ਮਾਰੂਥਲ ਨੂੰ ਮੈਂ ਹੁਣ ਜੀਉਣ ਸਿਖਾਵਾਂਗਾ।
ਚੱਲ ਧਰਤੀ ਨੂੰ ਕਹੀਏ, ਦਿਲ ਨਾ ਛੱਡ ਮਾਏ।
ਕੀ ਹੋਇਆ? ਜੇ ਪੁੱਤਰ ਤੇਰੇ ਨਹੀਂ ਆਏ।
ਹਰ ਸਾਹ ਵਿਚ ਹਟਕੋਰੇ ਹਿੱਸੇ ਜੇ ਆਏ।
ਮੈਂ ਤੇਰੇ ਘਰ ਵੇਖੀਂ ਰੌਣਕ ਲਾਵਾਂਗਾ।
ਰਾਤੀਂ ਬੋਲਣ ਬੀਂਡੇ ਜੋ ਗ਼ਮਗੀਨ ਜਹੇ।
ਨਾ ਰੋਂਦੇ ਨਾ ਹੱਸਦੇ ਨਿਰੇ ਮਸ਼ੀਨ ਜਹੇ।
ਬੇਕਦਰਾਂ ਨੇ ਚੁੱਲ੍ਹੇ ਡਾਹੀ ਬੀਨ ਜਹੇ।
ਮੈਂ ਇਨ੍ਹਾਂ ਵਿਚ ਸੱਜਰੀ ਜਿੰਦ ਧੜਕਾਵਾਂਗਾ।
ਮੈਂ ਪਰਵਾਸੀ ਪੰਛੀ ਵਾਂਗ ਉਦਾਸ ਨਹੀਂ।
ਮੇਰੀਆਂ ਲੋੜਾਂ ਜੇ ਪੁੱਛਦੇ ਹੋ, ਖ਼ਾਸ ਨਹੀਂ।
ਪਰ ਇਹ ਘੋਰ ਉਦਾਸੀ ਮੈਨੂੰ ਰਾਸ ਨਹੀਂ।
ਮੈਂ ਪੌਣਾਂ ਦੇ ਪੈਰੀਂ ਝਾਂਜਰ ਪਾਵਾਂਗਾ।
ਖ਼ਾਰੇ ਪਾਣੀ, ਅੱਥਰੂ ਦੇ ਵਿਚ ਅੰਤਰ ਹੈ।
ਹਰ ਹਾਉਕੇ ਦੀ ਆਪਣੀ ਹੋਂਦ ਸੁਤੰਤਰ ਹੈ।
ਜ਼ਿੰਦਗੀ ਨੂੰ ਪਹਿਚਾਨਣ ਦਾ ਇਹ ਮੰਤਰ ਹੈ।
ਇਸ ਧਰਤੀ ਦੇ ਲੋਕਾਂ ਨੂੰ ਸਮਝਾਵਾਂਗਾ।
ਚਾਰਦੀਵਾਰੀ ਅੰਦਰ ਪੰਛੀ ਵੱਸਦੇ ਨੇ ।
ਸੁਪਨ ਵਿਹੂਣੇ ਭੇਤ ਨਾ ਦਿਲ ਦਾ ਦੱਸਦੇ ਨੇ।
ਧਰਤ ਬਰੇਤੀ ਤਪਦੀ, ਫਿਰ ਵੀ ਨੱਸਦੇ ਨੇ।
ਮੈਂ ਹੀ ਏਥੇ ਪਹਿਲਾ ਬਿਰਖ਼ ਲਗਾਵਾਂਗਾ।
ਅੰਬਰ ਗੰਗਾ ਸੋਹਣੀ, ਜਲ ਦੀ ਆਸ ਨਹੀਂ।
ਸਦੀਆਂ ਤੋਂ ਜਿਸ ਦਿੱਤੀ ਕੋਈ ਧਰਵਾਸ ਨਹੀਂ।
ਸੱਜਣਾਂ ਬਾਝੋਂ ਫੁੱਲਾਂ ਵਿਚ ਵੀ ਬਾਸ ਨਹੀਂ।
ਸਾਥ ਦਏਂ ਤਾਂ ਫੁੱਲ ਵੀ ਮਹਿਕਣ ਲਾਵਾਂਗਾ।
ਦੂਰ ਦੂਰ ਤਕ ਰਾਤ ਵਿਛਾਈਆਂ ਚਾਨਣੀਆਂ।
ਤੇਰੇ ਮੇਰੇ ਬਾਝੋਂ ਕਿਸ ਨੇ ਮਾਨਣੀਆਂ।
ਕਿਸਨੇ ਰੀਝਾਂ ਵਾਂਗ ਚੰਦੋਏ ਤਾਨਣੀਆਂ।
ਸਾਹ-ਸੁਰ ਕਰਕੇ ਐਸੀ ਤਾਨ ਸੁਣਾਵਾਂਗਾ।
ਮਾਰੂਥਲ ਦੀ ਪੀੜਾ ਕਿਸਨੇ ਜਾਣੀ ਹੈ।
ਇਸ ਦੀ ਪਿਆਸ ਨਿਰੰਤਰ ਲੱਭਦੀ ਪਾਣੀ ਹੈ।
ਹਰ ਧਰਤੀ ਦੀ ਵੱਖਰੀ ਦਰਦ ਕਹਾਣੀ ਹੈ।
ਇਸ ਦੀ ਗਾਥਾ ਸਾਗਰ ਨੂੰ ਸਮਝਾਵਾਂਗਾ।
ਰਾਂਝਾ ਵੰਝ ਨੂੰ ਵੰਝਲੀ ਜਿਵੇਂ ਬਣਾਉਂਦਾ ਹੈ।
ਸੁਰ ਸ਼ਹਿਜਾਦੀ ਹੋਠਾਂ ਨਾਲ ਛੁਹਾਉਂਦਾ ਹੈ।
ਉਸ ਪਲ ਮੈਨੂੰ ਤੇਰਾ ਚੇਤਾ ਆਉਂਦਾ ਹੈ।
ਪੱਥਰਾਂ ਨੂੰ ਵੇਖੀਂ ਮੈਂ ਬੋਲਣ ਲਾਵਾਂਗਾ।