ਲੁਧਿਆਣਾ: 23 ਜਨਵਰੀ, ਦੇਸ਼ ਕਲਿੱਕ ਬਿਓਰੋ
ਉਰਦੂ ਤੇ ਪੰਜਾਬੀ ਦੇ ਨਾਮਵਰ ਲੇਖਕ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਡਾਃ ਕੇਵਲ ਧੀਰ ਦੀਆਂ ਕਹਾਣੀਆਂ ਦੀ ਕਿਤਾਬ ਕਥਾ ਯਾਤਰਾ ਪੰਜਾਬੀ ਭਵਨ ਲੁਧਿਆਣਾ ਵਿਖੇ ਬੀਤੀ ਸ਼ਾਮ ਡਾਃ ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾਃ ਸ਼ਯਾਮ ਸੁੰਦਰ ਦੀਪਤੀ ਸੀਨੀਅਰ ਮੀਤ ਪ੍ਰਧਾਨ,ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ, ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ, ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਤੇ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਪ੍ਰੋਃ ਗੁਰਭਜਨ ਸਿੰਘ ਗਿੱਲ ਰਾਹੀਂ ਜਨਰਲ ਇਜਲਾਸ ਵਿੱਚ ਸ਼ਾਮਿਲ ਸਮੂਹ ਮੈਂਬਰਾਂ ਨੂੰ ਭੇਂਟ ਕੀਤੀ।
ਡਾਃ ਕੇਵਲ ਧੀਰ ਨੇ ਦੱਸਿਆ ਕਿ ਇਹ ਪੁਸਤਕ ਕੋਵਿਡ ਦੌਰਾਨ ਪ੍ਰਕਾਸ਼ਿਤ ਹੋਣ ਕਾਰਨ ਪਾਠਕਾਂ ਤੀਕ ਠੀਕ ਢੰਗ ਨਾਲ ਨਹੀਂ ਸੀ ਪਹੁੰਚ ਸਕੀ। ਹੁਣ ਇਸ ਦੀਆਂ ਸੌ ਕਾਪੀਆਂ ਅੱਜ ਪੰਜਾਬੀ ਸਾਹਿੱਤ ਅਕਾਡਮੀ ਨੂੰ ਭੇਂਟ ਕੀਤੀਆਂ ਗਈਆਂ ਹਨ ਤਾਂ ਜੋ ਹਾਜ਼ਰ ਮੈਂਬਰਾਂ ਤੇ ਉਨ੍ਹਾਂ ਰਾਹੀਂ ਸਾਹਿੱਤ ਸਭਾਵਾਂ ਤੇ ਪੇਂਡੂ ਲਾਇਬਰੇਰੀਆਂ ਤੀਕ ਪੁੱਜ ਸਕਣ।
ਉਨ੍ਹਾਂ ਇਸ ਪੁਸਤਕ ਦੀਆਂ ਪੰਜ ਪੰਜ ਕਾਪੀਆਂ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਲਈ, ਕਹਾਣੀਕਾਰ ਜਸਬੀਰ ਕਲਸੀ ਨੂੰ ਸਾਹਿੱਤ ਸਭਾ ਧਰਮਕੋਟ, ਸੰਦੀਪ ਸਮਰਾਲਾ ਨੂੰ ਸਾਹਿੱਤ ਸਭਾ ਸਮਰਾਲਾ ਲਈ ਭੇਂਟ ਕੀਤੀਆਂ।
ਇਸ ਪੁਸਤਕ ਨੂੰ ਅਦੀਬ ਇੰਟਰਨੈਸ਼ਨਲ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।