ਸਮਾਪਤੀ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜੇਤੂਆਂ ਨੂੰ ਇਨਾਮਾਂ ਦੀ ਵੰਡ
ਖਿਡਾਰੀ ਆਪਣੀ ਮਿਹਨਤ ਤੇ ਅਭਿਆਸ ਨਾਲ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ: ਜਤਿੰਦਰ ਜੋਰਵਾਲ
ਕੁਰੂਕਸ਼ੇਤਰ ਦੇ ਲੜਕਿਆਂ ਤੇ ਹਨੂੰਮਾਨਗੜ੍ਹ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ
ਦਲਜੀਤ ਕੌਰ
ਮਸਤੂਆਣਾ ਸਾਹਿਬ, 19 ਜਨਵਰੀ, 2023: ਮਸਤੂਆਣਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ 8ਵਾਂ ਆਲ ਇੰਡੀਆ ਸ਼੍ਰੀ ਨਰਾਇਣ ਸ਼ਰਮਾ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਸਮਾਪਤ ਹੋ ਗਿਆ ਹੈ। ਇਸ ਟੂਰਨਾਮੈਂਟ ਦੌਰਾਨ ਦੋਵੇਂ ਹੀ ਦਿਨ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਈਆਂ ਚੋਟੀ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਪਾਇਆ। ਸਮਾਪਤੀ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ।
ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਿਡਾਰੀ ਆਪਣੀ ਸਖ਼ਤ ਮਿਹਨਤ ਤੇ ਨਿਰੰਤਰ ਅਭਿਆਸ ਨਾਲ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਹਨ ਅਤੇ ਪੰਜਾਬ, ਹਰਿਆਣਾ, ਰਾਜਸਥਾਨ ਆਦਿ ਰਾਜਾਂ ਤੋਂ ਖਿਡਾਰੀਆਂ ਦੀ ਇਸ ਟੂਰਨਾਮੈਂਟ ਪ੍ਰਤੀ ਖਿੱਚ ਇਹ ਸਾਬਤ ਕਰਦੀ ਹੈ ਕਿ ਇਹ ਟੂਰਨਾਮੈਂਟ ਕੌਮੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਹੈ। ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਪ੍ਰਤੀ ਸਮਰਪਣ ਭਾਵਨਾ ਅਤੇ ਆਪਸ ਵਿੱਚ ਮਿਲਵਰਤਨ ਦੀ ਭਾਵਨਾ ਵਿਅਕਤੀਗਤ ਤੇ ਟੀਮ ਪੱਧਰ ’ਤੇ ਮਜ਼ਬੂਤੀ ਨੂੰ ਯਕੀਨੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਵਿਆਪਕ ਪੱਧਰ ’ਤੇ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ ਜਿਸ ਲਈ ਲਗਾਤਾਰ ਹਰ ਜ਼ਿਲ੍ਹੇ ਵਿੱਚ ਛੋਟੇ ਵੱਡੇ ਖੇਡ ਮੁਕਾਬਲਿਆਂ ਦਾ ਆਯੋਜਨ ਜਾਰੀ ਹੈ।
ਟੂਰਨਾਮੈਂਟ ਦੇ ਫਾਈਨਲ ਮੁਕਾਬਲਿਆਂ ਤਹਿਤ ਕੁਰੂਕਸ਼ੇਤਰ ਕਲੱਬ ਹਰਿਆਣਾ ਦੇ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਨ੍ਹਾਂ ਨੂੰ 51000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਦੂਜੇ ਸਥਾਨ ’ਤੇ ਮਸਤੂਆਣਾ ਕਲੱਬ ਦੀ ਟੀਮ ਰਹੀ ਜਿਸ ਨੂੰ 41000 ਰੁਪਏ ਦਾ ਨਗਦ ਇਨਾਮ ਮਿਲਿਆ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਨੂੰਮਾਨਗੜ੍ਹ ਕਲੱਬ ਨੇ ਪਹਿਲਾ ਸਥਾਨ ਅਤੇ ਬੀਕਾਨੇਰ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ ਜਿਨ੍ਹਾਂ ਨੂੰ ਕ੍ਰਮਵਾਰ 31000 ਅਤੇ 21000 ਰੁਪਏ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਪਿਛਲੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਕੀਤਾ ਗਿਆ ਸੀ ਅਤੇ ਇਹ ਟੂਰਨਾਮੈਂਟ ਸ਼੍ਰੀ ਨਰਾਇਣ ਸ਼ਰਮਾ ਮੈਮੋਰੀਅਲ ਕਲੱਬ ਵੱਲੋਂ ਪਿਛਲੇ ਦਸ ਵਰਿ੍ਹਆਂ ਤੋਂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਾਲੀਬਾਲ ਦੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਸਮਾਪਤੀ ਸਮਾਰੋਹ ਮੌਕੇ ਨਿਤੇਸ਼ ਜੈਨ ਆਈ.ਏ.ਐਸ ਸਹਾਇਕ ਕਮਿਸ਼ਨਰ ਯੂ.ਟੀ, ਰਿਟਾਇਰਡ ਐਸ.ਪੀ ਬੋਪਾਰਾਏ, ਹਰਜੀਤ ਹਰਮਨ, ਬਲਵਿੰਦਰ ਸਿੰਘ, ਨਿਰਮਲ ਸਿੰਘ, ਪ੍ਰਿਤਪਾਲ ਸਿੰਘ, ਦਲ ਸਿੰਘ ਬਰਾੜ, ਪ੍ਰੋ. ਗੁਰਬਖ਼ਸ਼ ਸਿੰਘ, ਬਲਜੀਤ ਸਿੰਘ ਵੀ ਹਾਜ਼ਰ ਸਨ।