ਹੈਦਰਾਬਾਦ, 18 ਜਨਵਰੀ, ਦੇਸ਼ ਕਲਿਕ ਬਿਊਰੋ :
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਬੁੱਧਵਾਰ ਨੂੰ ਦੁਪਹਿਰ 1.30 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਨਿਊਜ਼ੀਲੈਂਡ ਦੀ ਟੀਮ 5 ਸਾਲ ਬਾਅਦ ਭਾਰਤ ਦੀ ਧਰਤੀ 'ਤੇ ਵਨਡੇ ਖੇਡੇਗੀ। ਆਖਰੀ ਮੈਚ ਅਕਤੂਬਰ 2017 ਵਿੱਚ ਖੇਡਿਆ ਗਿਆ ਸੀ। ਓਦੋਂ ਭਾਰਤ ਨੇ 3 ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਜਿੱਤ ਲਈ। ਨਿਊਜ਼ੀਲੈਂਡ ਨੇ ਭਾਰਤ 'ਚ ਖੇਡੀ ਗਈ 6 'ਚੋਂ ਇਕ ਵੀ ਵਨਡੇ ਸੀਰੀਜ਼ ਨਹੀਂ ਜਿੱਤੀ ਹੈ।ਇਸ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਪਿਛਲੇ 4 ਸਾਲਾਂ ਤੋਂ ਵਨਡੇ 'ਚ ਕੀਵੀਆਂ ਤੋਂ ਮਿਲ ਰਹੀ ਲਗਾਤਾਰ ਹਾਰ ਤੋਂ ਛੁਟਕਾਰਾ ਪਾਉਣਾ ਚਾਹੇਗੀ। ਇਸ ਦੇ ਨਾਲ ਹੀ ਨਿਊਜ਼ੀਲੈਂਡ ਇਸ ਫਾਰਮੈਟ ਵਿੱਚ ਭਾਰਤ ਖ਼ਿਲਾਫ਼ ਜੇਤੂ ਮੁਹਿੰਮ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਭਾਰਤ ਨੇ ਵੈਲਿੰਗਟਨ ਵਿੱਚ 3 ਫਰਵਰੀ 2019 ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਖਰੀ ਵਨਡੇ ਜਿੱਤਿਆ ਸੀ।