ਮਾਨਸਾ, 11 ਜਨਵਰੀ: ਦੇਸ਼ ਕਲਿੱਕ ਬਿਓਰੋ
ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਨਵਰੂਪ ਕੌਰ ਦੀ ਅਗਵਾਈ ਵਿੱਚ ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਸਮੂਦਾਇਕ ਸਿਹਤ ਕੇਦਰ ਖਿਆਲਾ ਕਲਾਂ ਅਧੀਨ ਪਿੰਡਾਂ ਵਿੱਚ ਬੱਚਿਆਂ ਦੀ ਖਸਰਾ ਰੁਬੈਲਾ ਬਿਮਾਰੀ ਦੇ ਪੂਰਨ ਖਾਤਮੇ ਲਈ ਅਧੀਨ ਸਿਹਤ ਸੰਸਥਾਵਾਂ ਵਿੱਚ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਘਰ-ਘਰ ਸਰਵੇ ਦੌਰਾਨ ਟੀਕਾਕਰਨ ਤੋਂ ਵਾਂਝੇ ਪੰਜ ਸਾਲ ਤੱਕ ਦੇ ਬੱਚਿਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ, ਜਿੰਨ੍ਹਾਂ ਨੂੰ ਸਪੈਸ਼ਲ ਟੀਕਾਕਰਨ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਪੀੜ੍ਹਤ ਬੱਚਿਆਂ ਨੂੰ ਬੁਖਾਰ ਅਤੇ ਸਰੀਰ ਤੇ ਦਾਣੇ ਹੋ ਜਾਂਦੇ ਹਨ। ਇਸ ਦੀ ਸੂਚਨਾ ਦੇਣ ਲਈ ਸਿਹਤ ਕਰਮੀਆਂ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਸਿਹਤ ਕੇਂਦਰ ਵਿੱਚ ਸੂਚਨਾ ਦੇਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ।
ਉਨ੍ਹਾਂ ਦੱਸਿਆ ਕਿ ਖਸਰਾ ਰੁਬੈਲਾ ਬੀਮਾਰੀ ਤੋਂ ਬਚਾਅ ਲਈ ਬੱਚਿਆਂ ਨੂੰ 9 ਮਹੀਨੇ ਅਤੇ 16 ਮਹੀਨੇ ਦੀ ਉਮਰ ਵਿੱਚ ਟੀਕਾਕਰਨ ਕਰਨ ਲਈ ਟੀਕਾਕਰਨ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸਿਹਤ ਟੀਮਾਂ ਵੱਲੋਂ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਹਰ ਬੁੱਧਵਾਰ ਅਤੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਭੱਠਿਆਂ, ਫੈਕਟਰੀਆਂ ਵਿੱਚ ਸਪੈਸ਼ਲ ਟੀਕਾਕਰਨ ਕੈਂਪਾਂ ਰਾਹੀਂ ਖਸਰਾ ਰੁਬੈਲਾ ਤੋਂ ਬਚਾਅ ਲਈ ਮੁਫਤ ਟੀਕਾਕਰਨ ਕੀਤਾ ਜਾਵੇਗਾ।