ਮੋਰਿੰਡਾ, 6 ਜਨਵਰੀ ( ਭਟੋਆ )
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰਿਅਲ ਕਾਲਜ ਬੇਲਾ ਦੇ 10 ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹਾਕੀ ਟੀਮ ਵਿੱਚ ਖੇਡਦੇ ਹੋਏ ਹਾਕੀ ਇੰਡੀਆ ਵੱਲੋਂ ਕਰਵਾਏ ਗਏ 45ਵੇਂ ਜੀ.ਐਸ. ਬੈਂਸ ਲਿਬਰਲਸ ਆਲ ਇੰਡੀਆ ਹਾਕੀ ਟੂਰਨਾਮੈਂਟ ਜੋ ਕਿ ਨਾਭਾ ਵਿਖੇ ਹੋਏ ਹਨ, ਵਿੱਚ ਵੱਖ-ਵੱਖ ਮੈਚਾਂ ਦੌਰਾਨ ਜਿੱਤ ਪ੍ਰਾਪਤ ਕਰਕੇ ਟੂਰਨਾਮੈਂਟ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਜੇਤੂ ਬਣੇ । ਇਨ੍ਹਾਂ ਜੇਤੂ ਰਹੇ ਵਿਦਿਆਰਥੀਆਂ ਨੇ 1 ਲੱਖ ਦੀ ਇਨਾਮੀ ਰਾਸ਼ੀ ਅਤੇ ਟੂਰਨਾਮੈਂਟ ਦੇ ਕੱਪ ਤੇ ਕਬਜਾ ਕੀਤਾ।ਕਾਲਜ ਦੀ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਖੁਸ਼ੀ ਸਾਂਝੇ ਕਰਦੇ ਹੋਏ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 18 ਮੈਂਬਰੀ ਟੀਮ ਵਿੱਚੋਂ 10 ਖਿਡਾਰੀ ਬੇਲਾ ਕਾਲਜ ਦੇ ਸਨ । ਇਸੇ ਤਰਾਂ ਨੌਰਥ ਜ਼ੋਨ ਇੰਟਰਵਰਸਿਟੀ ਮੁਕਾਬਲੇ, ਜਿਸ ਵਿੱਚ ਪੰਜਾਬ ਦੀਆਂ 30 ਟੀਮਾਂ ਨੇ ਭਾਗ ਲਿਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹਾਕੀ ਟੀਮ ਵਿੱਚ ਖੇਡਦੇ ਹੋਏ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ। ਇਹ ਟੀਮ ਆਲ ਇੰਡੀਆ ਇੰਟਰ-ਯੂਨੀਵਰਸਿਟੀ ਲਈ ਕੁਆਲੀਫਾਈ ਕਰ ਚੁੱਕੀ ਹੈ ਜਿਸ ਵਿੱਚ ਕਾਲਜ ਦੇ 12 ਖਿਡਾਰੀ ਪੰਜਾਬੀ ਯੂਨੀਵਰਸਿਟੀ ਦੀ ਟੀਮ ਵਿੱਚ ਖੇਡਣਗੇ। ਇੱਥੇ ਇਹ ਵਰਨਣਯੋਗ ਹੈ ਕਿ ਬੇਲਾ ਕਾਲਜ ਦੀ ਹਾਕੀ ਟੀਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਹਾਕੀ ਮੁਕਾਬਲਿਆਂ ਵਿੱਚ ਲਗਾਤਾਰ ਤਿੰਨ ਵਾਰ ਚੈਂਪੀਅਨ ਰਹਿ ਚੁੱਕੀ ਹੈ । ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਗੀਆ, ਸਕੱਤਰ ਜਗਵਿੰਦਰ ਸਿੰਘ ਅਤੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਹਾਕੀ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ ਲੈਫਟੀਨੈਂਟ ਪ੍ਰਿਤਪਾਲ ਸਿੰਘ ਅਤੇ ਪ੍ਰੋ. ਅਮਰਜੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ।ਇਸ ਮੌਕੇ ਡਾ. ਮਮਤਾ ਅਰੋੜ ਅਤੇ ਪ੍ਰੋ ਸੁਨੀਤਾ ਰਾਣੀਆਦਿ ਹਾਜਰ ਸਨ ।