ਦਰਖ਼ਤ ਨੂੰ ਬਸੰਤ ਰੁੱਤੇ ਆਪਣੇ ਫੁੱਲਾਂ ਤੇ ਪੱਤਿਆਂ ਤੇ ਮਾਣ ਹੁੰਦਾ ਹੈ ਪ੍ਰੰਤੂ ਜੜ੍ਹਾਂ ਹੀ ਹਨ, ਜੋ ਪਤਝੜ ਵਿੱਚ ਵੀ ਦਰਖ਼ਤ ਦਾ ਸਾਥ ਨਹੀਂ ਛੱਡਦੀਆਂ
-ਪੰਕਜ ਸ਼ਰਮਾ-
ਮਾਂ-ਪਿਓ ਅਜਿਹਾ ਸਾਕ ਹੈ, ਜੋ ਹਰ ਚੰਗੇ-ਮਾੜੇ ਹਾਲਾਤ ਵਿੱਚ ਆਪਣੇ ਬੱਚੇ ਦਾ ਸਾਥ ਨਹੀਂ ਛੱਡਦਾ।ਇੱਥੋਂ ਤੱਕ ਕੀ ਮਾਂ- ਬਾਪ ਆਪਣੀਆਂ ਇੱਛਾਵਾਂ ਨੂੰ ਦਬਾਕੇ ਆਪਣੇ ਬੱਚੇ ਦੀ ਹਰ ਇੱਛਾ ਪੂਰੀ ਕਰਨ ਲਈ ਸਿਰ ਤੋੜ ਮਿਹਨਤ ਕਰਦੇ ਹਨ। ਇਸ ਤੋਂ ਉਲਟ ਕੁੱਝ ਬੱਚੇ ਜਦੋਂ ਮਾਂ-ਬਾਪ ਦੀ ਮਿਹਨਤ ਸਦਕਾ ਕੋਈ ਮੁਕਾਮ ਹਾਸਲ ਕਰ ਲੈਂਦੇ ਹਨ ਤਾਂ ਉਹ ਇਸਦਾ ਸਿਹਰਾ ਆਪਣੇ ਹੀ ਸਿਰ ਬੰਨ੍ਹਣ ਤੋਂ ਕੋਈ ਗੁਰੇਜ਼ ਨਹੀਂ ਕਰਦੇ।ਮਾਂ-ਬਾਪ ਬਸ ਦੇਖਦੇ ਹੀ ਰਹਿ ਜਾਂਦੇ ਹਨ, ਕਿ ਉਨ੍ਹਾਂ ਦੀ ਜਿ਼ੰਦਗੀ ਭਰ ਦੀ ਪੂੰਜੀ (ਔਲਾਦ) ਕਿਵੇਂ ਹੱਥੋਂ ਦੂਰ ਹੋ ਗਈ, ਇੱਥੋਂ ਤੱਕ ਕਿ ਕੁੱਝ ਬਜ਼ੁਰਗ ਮਾਂ-ਬਾਪ ਨੂੰ ਮਜ਼ਬੂਰੀ ਵਸ਼ ਆਪਣੇ ਹੱਥੋਂ ਸਿੰਜੇ ਬੂਟੇ ਨੂੰ ਤੇ ਖੂਨ ਪਸ਼ੀਨੇ ਨਾਲ ਬਣਾਏ ਸੁਫ਼ਨਿਆਂ ਦੀ ਇਮਾਰਤ (ਮਕਾਨ) ਅਤੇ ਸੰਜੋਏ ਸੁਫ਼ਨਿਆਂ ਨੂੰ ਛੱਡ ਕੇ ਬਿਰਧ ਆਸ਼ਰਮਾਂ ਵੱਲ ਵਹੀਰਾ ਘੱਤਦਿਆਂ ਵੇਖਿਆ ਜਾਂਦਾ ਹੈ। ਇਸ ਕਦਮ ਨੂੰ ਚੁੱੱਕਕੇ ਵੀ ਉਹ ਆਪਣੀ ਔਲਾਦ ਦਾ ਹੀ ਭਲਾ ਸੋਚਦੇ ਹਨ। ਬੱਚੇ ਮਾਂ-ਪਿਓ ਦੀ ਮਨੋਦਸ਼ਾ ਤੋਂ ਅਵੇਸਲੇ ਬਜ਼ੁਰਗ ਤੇ ਉਨ੍ਹਾਂ ਦੇ ਸੁਭਾਅ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ। ਜਦੋਂ ਬੱਚੇ ਸਮੇਂ ਦੀ ਚਾਲ ਨਾਲ ਆਪ ਬਜ਼ੁਰਗ ਅਵਸਥਾ ਵਿੱਚ ਪੁੱਜਦੇ ਹਨ, ਤਾਂ ਉਨ੍ਹਾਂ ਦੀ ਔਲਾਦ ਮੁੜ ਇਤਿਹਾਸ ਦੁਹਰਾਉਂਦੀ ਹੈ, ਤਾਂ ਉਹ ਆਪਣੀ ਗਲਤੀ ਨੂੰ ਮਹਿਸੂਸ ਕਰਦੇ ਹਨ। ਇਸ ਸਮੇਂ ਔਲਾਦ ਨੂੰ ਦੋਸ਼ੀ ਮੰਨਦੇ ਹਨ, ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।ਇਸ ਗੱਲ ਨੂੰ ਸਮਾਂ ਲੰਘਣ ਤੋਂ ਬਾਅਦ ਮਹਿਸੂਸ ਕਰਨ ਕਾਰਨ ਇਹ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ।
ਮਾਂ-ਪਿਓ ਤੇ ਬਜ਼ੁਰਗ ਇਨਸਾਨ ਲਈ ਓਨੇ੍ ਹੀ ਜ਼ਰੂਰੀ ਤੇ ਗੁਣਕਾਰੀ ਹਨ, ਜਿੰਨੇ ਬੂਟੇ ਤੇ ਦਰਖ਼ਤ ਲਈ ਜੜ੍ਹਾਂ। ਜਿਵੇਂ ਇਨਸਾਨ ਆਪਣੀ ਜਵਾਨੀ ਦੀ ਉਮਰ ਵਿੱਚ ਆਪਣੀ ਦਿੱਖ, ਆਪਣੇ ਐਸ਼ੋ-ਆਰਾਮ ਤੇ ਆਪਣੀ ਜਿ਼ੰਦਗੀ ਨੂੰ ਹੀ ਸਭ ਕੁੱਝ ਸਮਝਦਾ ਹੈ। ਉਸੇ ਤਰ੍ਹਾਂ ਹੀ ਇੱਕ ਦਰਖ਼ਤ ਵੀ ਬਸੰਤ ਰੁੱਤ ਵਿੱਚ ਆਪਣੇ ਫੁੱਲਾਂ ਤੇ ਹਰੇ ਭਰੇ ਪੱਤਿਆਂ ਤੇ ਮਾਣ ਕਰਦਾ ਹੈ। ਇਸ ਤੋਂ ਉਲਟ ਜਦੋਂ ਪਤਝੜ ਵਿੱਚ ਫੁੱਲ ਅਤੇ ਹਰੇ ਭਰੇ ਪੱਤੇ ਦਰਖ਼ਤ ਦਾ ਸਾਥ ਛੱਡਦੇ ਹਨ ਤਾਂ ਉਸ ਦਾ ਆਧਾਰ (ਜੜ੍ਹਾਂ), ਜਿੱਥੋਂ ਉਹ ਹੋਂਦ ਵਿੱਚ ਆਇਆ ਹੈ। ਉਹ ਹੀ ਉਸ ਦਾ ਸਾਥ ਦਿੰਦੀਆਂ ਹਨ ਤੇ ਮੁੜ ਦਰਖ਼ਤ ਨੂੰ ਉਨ੍ਹਾਂ ਦੀ ਹੀ ਲੋੜ ਮਹਿਸੂਸ ਹੁੰਦੀ ਹੈ ਤੇ ਜੜ੍ਹਾਂ ਸਦਕਾ ਹੀ ਉਹ ਮੁੜ ਬਸੰਤ ਰੁੱਤ ਹੰਢਾਉਣ ਦੇ ਕਾਬਲ ਬਣਦਾ ਹੈ।ਇਸੇ ਤਰ੍ਹਾਂ ਇਨਸਾਨ ਤੇ ਵੀ ਜਦੋਂ ਪਤਝੜ ਆਉਂਦੀ ਹੈ (ਬੁਰਾ ਸਮਾਂ) ਤਾਂ ਉਹ ਵੀ ਆਪਣੀਆਂ ਜੜ੍ਹਾਂ ਯਾਨੀ ਕਿ ਆਪਣੇ ਬਜ਼ੁਰਗਾਂ ਵੱਲ ਵੇਖਦਾ ਹੈ ਤੇ ਉਹ ਹੀ ਉਸ ਦੇ ਕੰਮ ਆਉਂਦੀਆਂ ਹਨ।(MOREPIC1)
ਇੱਥੇ ਇੱਕ ਗੱਲ ਦਾ ਜਿ਼ਕਰ ਕਰਨਾ ਬਹੁਤ ਹੀ ਲਾਜ਼ਮੀ ਜਾਪਦਾ ਹੈ ਕਿ ਇੱਕ ਵਾਰ ਇੱਕ ਰਾਜੇ ਨੇ ਆਪਣੇ ਦੇਸ਼ ਨੂੰ ਮਜਬੂਤ ਬਣਾਉਣ ਲਈ ਇਹ ਫੈਸਲਾ ਲਿਆ ਕਿ ਦੇਸ਼ ਦੇ ਸਾਰੇ ਬਜ਼ੁਰਗਾਂ ਨੂੰ ਕਿਤੇ ਦੂਰ ਭੇਜ ਦਿੱਤਾ ਜਾਵੇ, ਤਾਂ ਜੋ ਨੌਜਵਾਨ ਖੂਨ ਉਸ ਦੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਣ ਅਤੇ ਇਹ ਅਮਲ ਕਰਦਿਆਂ ਦੇਸ਼ ਦੇ ਸਾਰੇ ਬਜ਼ੁਰਗਾਂ ਨੂੰ ਦੂਰ ਸਮੁੰਦਰ ਕੰਢੇ ਛੱਡ ਦਿੱਤਾ ਗਿਆ। ਇਹ ਦੇਸ਼ ਹੁਣ ਨੌਜਵਾਨਾਂ ਦਾ ਦੇਸ਼ ਬਣ ਚੁੱਕਾ ਸੀ, ਜਿਸ ਵਿੱਚ ਕੋਈ ਬਜ਼ੁਰਗ ਨਹੀਂ ਸੀ ਅਤੇ ਇਹ ਦੇਸ਼ ਹੁਣ ਨੌਜਵਾਨਾਂ ਦੀ ਤਾਕਤ ਸਦਕਾ ਕੋਈ ਵੀ ਕੰਮ ਕਰਨ ਦੇ ਸਮਰੱਥ ਸੀ।ਇੱਕ ਦਿਨ ਕਿਸੇ ਮੁਸਾਫਿ਼ਰ ਨੇ ਦੇਸ਼ ਦੇ ਰਾਜੇ ਨੂੰ ਦੋ ਗੱਲਾਂ ਪੁੱਛੀਆਂ, ਜੋ ਰਾਜੇ ਨੂੰ ਸਮਝ ਨਾ ਪਈਆਂ ਅਤੇ ਹੱਲ ਨਾ ਲੱਭਦਾ ਵੇਖ ਉਸ ਨੇ ਦੇਸ਼ ਦੇ ਨੌਜਵਾਨਾਂ ਨੂੰ ਸੱਦਿਆ ਤੇ ਦੱਸਿਆ ਕਿ ਮੁਸਾਫਿ਼ਰ ਦੀਆਂ ਦੋ ਗੱਲਾਂ ਅਨੁਸਾਰ ਇੱਕ ਅਜਿਹੇ ਢੋਲ ਦਾ ਨਿਰਮਾਣ ਕੀਤਾ ਜਾਵੇ, ਜੋ ਬਿਨ੍ਹਾਂ ਕਿਸੇ ਇਨਸਾਨ ਦੇ ਵੱਜੇ ਤੇ ਇੱਕ ਸੁਆਹ ਦੀ ਰੱਸੀ ਵੱਟੀ ਜਾਵੇ। ਇਸ ਗੱਲ ਨੂੰ ਸੁਣ ਕੇ 2-3 ਮਹੀਨੇ ਤੱਕ ਨੌਜਵਾਨ ਇਸ ਦਾ ਹੱਲ ਲੱਭਦੇ ਰਹੇ, ਪਰ ਚਾਰੇ ਖਾਨੇ ਚਿੱਤ ਹੋਣ ਤੋਂ ਬਾਅਦ ਇੱਕ ਨੌਜਵਾਨ ਹਿੰਮਤ ਕਰਕੇ ਦੂਰ ਸਮੁੰਦਰ ਕੰਢੇ ਆਪਣੇ ਬਜ਼ੁਰਗ ਕੋਲ ਪੁੱਜਿਆ ਤੇ ਆਪਣੇ ਬਜ਼ੁਰਗ ਪਿਤਾ ਨੂੰ ਸਾਰੀ ਗੱਲ ਦੱਸੀ ਤਾਂ ਉਸ ਦੇ ਪਿਤਾ ਨੇ ਕਿਹਾ ਕਿ ਇਸ ਵਿੱਚ ਕੀ ਵੱਡੀ ਗੱਲ ਹੈ। ਬਜ਼ੁਰਗ ਨੇ ਇੱਕ ਢੋਲ ਦਾ ਨਿਰਮਾਣ ਕੀਤਾ ਉਸ ਵਿੱਚ ਭਰਿੰਡਾਂ ਦਾ ਛੱਤਾ ਸੁੱਟ ਕੇ ਢੋਲ ਬੰਦ ਕਰ ਦਿੱਤਾ, ਹੁਣ ਜਿਉਂ ਹੀ ਭਰਿੰਡਾਂ ਨੇ ਹਿੱਲ-ਜੁੱਲ ਸ਼ੁਰੂ ਕੀਤੀ ਤਾਂ ਢੋਲ ਆਪ ਮੁਹਾਰੇ ਵੱਜ ਉਠਿਆ। ਦੂਜੇ ਪਾਸੇ ਉਨ੍ਹਾਂ ਇੱਕ ਰੱਸੀ ਵੱਟੀ ਤੇ ਵੱਟਣ ਮਗਰੋਂ ਉਸ ਨੂੰ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਅੱਗ ਨਾਲ ਰੱਸੀ ਸੜ ਕੇ ਸੁਆਹ ਦੀ ਰੱਸੀ ਬਣ ਗਈ। ਇਹ ਸਭ ਸਮਝ ਕੇ ਨੌਜਵਾਨ ਰਾਜੇ ਦੇ ਦਰਬਾਰ ਪੁੱਜ ਗਿਆ ਤੇ ਰਾਜੇ ਨੂੰ ਦੋਵੇਂ ਚੀਜ਼ਾਂ ਬਣਾ ਕੇ ਦਿਖਾਈਆਂ, ਜਿਸ ਤੋਂ ਰਾਜਾ ਤੇ ਮੁਸਾਫਿ਼ਰ ਦੋਵੇਂ ਬਹੁਤ ਪ੍ਰਭਾਵਿਤ ਹੋਏ। ਰਾਜੇ ਨੇ ਨੌਜਵਾਨ ਨੂੰ ਪੁੱਛਿਆ ਕਿ ਉਸ ਨੇ ਇਹ ਕਿਵੇਂ ਕੀਤਾ, ਜਿਸ ਬਾਰੇ ਉਸ ਨੇ ਦੱਸਿਆ ਕਿ ਇਸ ਦੇ ਹੱਲ ਲਈ ਉਹ ਆਪਣੇ ਬਜ਼ੁਰਗ ਕੋਲ ਗਿਆ ਸੀ। ਜਿਨ੍ਹਾਂ ਨੇ ਉਸ ਨੂੰ ਇਹ ਸਭ ਸਿਖਾਇਆ। ਇਸ ਮਗਰੋਂ ਰਾਜੇ ਨੂੰ ਆਪਣੀ ਗਲਤੀ ਮਹਿਸੂਸ ਹੋਈ, ਉਸ ਨੂੰ ਬਜ਼ੁਰਗਾਂ ਦੀ ਅਹਿਮੀਅਤ ਦਾ ਗਿਆਨ ਹੋਇਆ ਤੇ ਉਸ ਨੇ ਪੂਰੇ ਸਨਮਾਨ ਨਾਲ ਆਪ ਜਾ ਕੇ ਸਾਰੇ ਬਜ਼ੁਰਗਾਂ ਨੂੰ ਦੇਸ਼ ਵਿੱਚ ਵਾਪਿਸ ਲਿਆਂਦਾ, ਉਸ ਨੂੰ ਅਹਿਸਾਸ ਹੋਇਆ ਕਿ ਦੇਸ਼ ਦੇ ਨੌਜਵਾਨ ਵੀ ਉਦੋਂ ਹੀ ਕਾਮਯਾਬ ਹਨ, ਜੇਕਰ ਉਨ੍ਹਾਂ ਦੇ ਸਿਰ ਉਤੇ ਬਜ਼ੁਰਗਾਂ ਦਾ ਹੱਥ ਹੈ।
ਸਾਡਾ ਇਤਿਹਾਸ ਗਵਾਹ ਹੈ ਕਿ ਹਰ ਸਫ਼ਲ ਇਨਸਾਨ ਦੇ ਪਿੱਛੇ ਉਸ ਦੀ ਸਫਲਤਾ ਦਾ ਕਾਰਨ ਉਸ ਦਾ ਪਿਛੋਕੜ, ਉਸ ਦਾ ਆਪਣੀ ਟਾਹਣੀ ਤੇ ਜੜ੍ਹਾਂ ਨਾਲ ਜੁੜੇ ਰਹਿਣਾ ਰਿਹਾ ਹੈ।ਹਿੰਦੀ ਦੇ ਮਸ਼ਹੂਰ ਕਹਾਣੀਕਾਰ ਮੂਨਸ਼ੀ ਪ੍ਰੇਮ ਚੰਦ, ਜਿਨ੍ਹਾਂ ਨੇ ਆਪਣੀ ਲੇਖਣੀ ਨਾਲ ਮਨੁੱਖ ਦੇ ਅੰਤਰਮਨ ਨੂੰ ਛੂਹਿਆ ਹੈ ਤੇ ਸਮਾਜ਼ ਨੂੰ ਸ਼ੀਸ਼ਾ ਦਿਖਾਇਆ ਹੈ, ਇਸ ਵਿਸ਼ੇ ਤੇ ਉਨ੍ਹਾਂ ਦੀ ਕਹਾਣੀ ਬੂਢੀ ਕਾਕੀ , ਜਿਸ ਵਿੱਚ ਉਨ੍ਹਾਂ ਨੇ ਇੱਕ ਬਜ਼ੁਰਗ ਔਰਤ ਤੇ ਮਾਂ ਦੀ ਮਨੋਦਸ਼ਾ ਤੇ ਇੱਕ ਪੁੱਤਰ ਤੇ ਨੂੰਹ ਦੇ ਚਰਿੱਤਰ ਨੂੰ ਬਾਖੂਬੀ ਦਰਸ਼ਾਇਆ ਹੈ, ਜੋ ਪੜ੍ਹਨ ਤੇ ਪੜ੍ਹਨਵਾਲੇ ਦਾ ਹਿਰਦਾ ਵਲੂੰਧਰਦੀ ਹੈ।
ਜੋ ਇਨਸਾਨ ਆਪਣੇ ਪਿਛੋਕੜ ਨੂੰ ਭੁੱਲ ਜਾਂਦਾ ਹੈ ਤੇ ਆਪਣੇ ਬਜ਼ੁਰਗਾਂ ਨੂੰ ਭੁੱਲਣ ਜਾਂ ਉਨ੍ਹਾਂ ਨੂੰ ਸਮਾਂ ਵਿਆਹ ਚੁੱਕੇ ਸਮਝਦਾ ਹੈ ਉਹ ਕਦੇ ਪੂਰਨ ਤੌਰ ਉਤੇ ਸਫ਼ਲ ਨਹੀਂ ਹੋ ਸਕਦਾ। ਇੱਕ ਨਾ ਇੱਕ ਦਿਨ ਉਸ ਨੂੰ ਆਪਣੇ ਕੀਤੇ ਉਤੇ ਪਛਤਾਵਾ ਹੁੰਦਾ ਹੈ ਪਰ ਇਸ ਦਾ ਹੱਲ ਇਹੋ ਹੈ ਕਿ ਜਿਸ ਤਰ੍ਹਾਂ ਇੱਕ ਦਰਖ਼ਤ ਤਾ-ਉਮਰ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ, ਅਸੀਂ ਵੀ ਉਸ ਤਰ੍ਹਾਂ ਆਪਣੇ ਭਵਿੱਖ ਨੂੰ ਸੁਰੱਖਿਅਤ ਅਤੇ ਮਾਣਮੱਤਾ ਬਣਾਉਣ ਲਈ ਆਪਣੇ ਬੇਮੁੱਲ ਗਹਿਣੇ ਬਜ਼ੁਰਗਾਂ ਨਾਲ ਜੁੜੇ ਰਹਿਏ ਤੇ ਸਾਡਾ ਦੇਸ਼ ਭਾਰਤ ਜੋ ਆਪਣੇ ਅਮੀਰ ਰੀਤੀ-ਰਿਵਾਜ਼ਾਂ ਤੇ ਸੰਸਕਾਰਾਂ ਲਈ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ ਦੀ ਇਸ ਪਛਾਣ ਨੂੰ ਕਾਇਮ ਰੱਖੀਏ।
ਮੋਬਾਇਲ ਨੰਬਰ 99889-94467