ਖੇਡਾਂ ਜ਼ਰੀਏ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ: ਅਮਨ ਅਰੋੜਾ
ਦਲਜੀਤ ਕੌਰ
ਸੁਨਾਮ ਊਧਮ ਸਿੰਘ ਵਾਲਾ, 23 ਦਸੰਬਰ, 2022: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਹਨ ਅਤੇ ਹਾਲ ਹੀ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਖੇਡ ਮੁਕਾਬਲਿਆਂ ਨੇ ਪੰਜਾਬ ਦੇ ਮਿਹਨਤੀ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ।
ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਸ਼ਾਮ ਸੁਨਾਮ ਹਲਕੇ ਦੇ ਯੂਥ ਕਲੱਬਾਂ ਨੂੰ ਵਾਲੀਬਾਲ ਅਤੇ ਕ੍ਰਿਕਟ ਦੀਆਂ 17 ਖੇਡ ਕਿੱਟਾਂ ਦੀ ਵੰਡ ਕਰਦਿਆਂ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਬਣ ਸਕਣ, ਇਹ ਪੰਜਾਬ ਸਰਕਾਰ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤਿ ਆਧੁਨਿਕ ਖੇਡ ਢਾਂਚਾ ਅਤੇ ਤਕਨੀਕੀ ਸਿਖਲਾਈ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਖਿਡਾਰੀਆਂ ਨੂੰ ਭਵਿੱਖ ਦੇ ਸੁਨਹਿਰੀ ਪੰਨਿਆਂ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਸਖ਼ਤ ਮਿਹਨਤ ਤੇ ਲਗਨ ਨਾਲ ਅਭਿਆਸ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੇਡਾਂ ਜ਼ਰੀਏ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਇਸ ਮੌਕੇ ਬਲਾਕ ਪ੍ਰਧਾਨ ਮਨੀ ਸਰਾਓ, ਮੁਕੇਸ਼ ਜੁਨੇਜਾ, ਮਨਪ੍ਰੀਤ ਬਾਂਸਲ ਸਾਮਿਲ ਸਨ।