ਚੰਡੀਗੜ੍ਹ,08 ਮਾਰਚ, ਹਿੰ.ਸ.:- ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਕੋਰੋਨਾਵਾਇਰਸ ਦੇ ਤਿੰਨ ਹੋਰ ਸ਼ੱਕੀ ਮਰੀਜ਼ ਦਾਖਿਲ ਹੋਣ ਕਾਰਨ ਪ੍ਰਸਾਸ਼ਨ ਨੂੰ ਭਾਜੜਾਂ ਪੈ ਗਈਆਂ। ਇਸ ਹਸਪਤਾਲ ਵਿੱਚ ਪਹਿਲਾਂ ਹੀ ਚਾਰ ਮਰੀਜ਼ ਦਾਖਿਲ ਹਨ। ਜਿਨ੍ਹਾਂ ਦੇ ਟੈਸਟਾਂ ਦੀ ਅੰਤਿਮ ਰਿਪੋਰਟ ਪੂਨਾ ਲੈਬੋਰਟਰੀ ਤੋਂ ਹਾਲੇ ਆਉਣੀ ਬਾਕੀ ਹੈ। ਹੁਣ ਤੱਕ ਇਸ ਹਸਪਤਾਲ 'ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸੱਤ ਹੋ ਗਈ ਹੈ।
ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਤਿੰਨ ਹੋਰ ਸ਼ੱਕੀ ਮਰੀਜ਼ ਹਸਪਤਾਲ 'ਚ ਦਾਖਲ ਹੋਏ ਹਨ, ਜਿੰਨਾਂ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਡਾ. ਜੌਹਲ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਮਰੀਜ਼ ਦੀ ਸ਼ਨਾਖ਼ਤ, ਜਿਸ 'ਚ ਉਸ ਦਾ ਨਾਮ, ਪਿੰਡ, ਸ਼ਹਿਰ, ਉਮਰ, ਨਾਗਰਿਕਤਾ ਆਦਿ ਦਾ ਵੇਰਵਾ ਨਹੀਂ ਦਿੱਤਾ ਜਾ ਸਕਦਾ। ਹਸਪਤਾਲ ਵਿੱਚ ਦਾਖਿਲ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜਿਨ੍ਹਾਂ ਦੀ ਸਮੇਂ ਸਮੇਂ 'ਤੇ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਮਰੀਜ਼ਾਂ ਲਈ ਇੱਕ ਵੱਖਰਾ ਵਾਰਡ ਬਣਾਈ ਗਈ ਹੈ।