ਕਮਲ ਬਠਿੰਡਾ
ਹੁਣ ਫੇਰ ਜਦੋਂ ਪੰਜਾਬ ਦੇ ਮਾਹੌਲ ਨੂੰ 80ਵਿਆਂ ਦੇ ਕਾਲੇ ਦੌਰ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤਾਂ ਉਨ੍ਹਾਂ ਵੇਲਿਆਂ ਦੀ ਇੱਕ ਘਟਨਾ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗ ਜਾਂਦੀ ਹੈ ,ਹੋਇਆ ਇਸ ਤਰਾਂ ਕੇ ਮੈਂ ਦਸਵੀਂ ਕਰਨ ਤੋਂ ਬਾਅਦ ਮੋਗਾ ਵਿਖੇ ਕਾਲਜ ਵਿੱਚ ਦਾਖਲਾ ਲਿਆ , ਦੋ ਤਿੰਨ ਛੁੱਟੀਆਂ ਇੱਕਠੀਆਂ ਹੋਣ ਕਰਕੇ ਮੈ ਪਿੰਡ ਜਾਣ ਦਾ ਪ੍ਰੋਗਰਾਮ ਬਣਾ ਲਿਆ ।ਕਾਲਜ ਵਿਚੋਂ ਛੁੱਟੀ ਹੋਣ ਉਪਰੰਤ ਮੈਂ ਸਿੱਧੀ ਬਸ ਸਟੈਂਡ ਚਲੀ ਗਈ ਅਤੇ ਪਿੰਡ ਦੇ ਨੇੜੇ ਦੇ ਸ਼ਹਿਰ ਜਾਣ ਵਾਲੀ ਬੱਸ ਫੜ ਲਈ ,ਉਸ ਵਿੱਚ ਪਿੰਡ ਦੀਆਂ ਕਈ ਮਰਦ ਸਵਾਰੀਆਂ ਸਨ, ਮੈਨੂੰ ਹੌਸਲਾ ਜਿਹਾ ਹੋ ਗਿਆ , ਕਿਉਂਕਿ ਮੇਰਾ ਬੱਸ ਵਿੱਚ ਇੱਕਲਿਆਂ ਪਿੰਡ ਜਾਣ ਦਾ ਪਹਿਲਾ ਹੀ ਸਫ਼ਰ ਸੀ। ਜਦੋਂ ਮੈਂ ਪਿੰਡ ਦੇ ਨੇੜਲੇ ਸ਼ਹਿਰ ਜਾ ਕੇ ਉੱਤਰੀ ਤਾਂ ਸ਼ੁਕਰ ਕੀਤਾ ਕਿ ਪਿੰਡ ਜਾਣ ਵਾਲੀ ਬੱਸ ਦਾ ਸਮਾਂ ਅਜੇ ਹੋਇਆ ਨਹੀਂ ਸੀ। ਮੈਂ ਬੱਸ ਨੂੰ ਉਡੀਕਣ ਲੱਗ ਪਈ। ਪਰ ਕਾਫ਼ੀ ਸਮਾਂ ਲੰਘ ਜਾਣ ਤੋਂ ਬਾਅਦ ਵੀ ਬੱਸ ਨਾ ਆਈ ਅਤੇ ਪਿੰਡ ਵਾਲੀਆਂ ਸਵਾਰੀਆਂ ਵੀ ਮੈਨੂੰ ਦਿਸਣੋਂ ਹਟਗੀਆਂ ਕਿਉਂਕਿ ਹੋ ਸਕਦਾ ਹੈ ਕਿ , ਉਹ ਰੋਜ਼ ਹੀ ਆਉਣ ਜਾਣ ਕਰਦੇ ਹੋਣ ਅਤੇ ਉਨ੍ਹਾਂ ਨੇ ਆਪਣੇ ਪੱਧਰ ਤੇ ਪਿੰਡ ਜਾਣ ਦੇ ਪ੍ਰਬੰਧ ਕੀਤੇ ਹੋਏ ਹੋਣ।
ਉਡੀਕਦਿਆਂ ਉਡੀਕਦਿਆਂ ਕਾਫ਼ੀ ਹਨੇਰਾ ਹੀ ਹੋ ਗਿਆ, ਪਤਾ ਨਹੀਂ ਕਿਧਰੋਂ ਆ ਕੇ ਅਚਾਨਕ ਹੀ ਮੈਨੂੰ ਸਾਡੇ ਪਿੰਡ ਦੇ ਮੁੰਡੇ ਨੇ ਕਿਹਾ ," ਗੁੱਡੀ ਪਿੰਡ ਜਾਣੈਂ।" ਮੈਂ ਕਿਹਾ " ਹਾਂ ਜੀ ਬਾਈ, ਮੈਂ ਤਾਂ ਪਿੰਡ ਵਾਲੀ ਬੱਸ ਉਡੀਕਦੀ ਸੀ , ਉਹ ਅਜੇ ਆਈ ਹੀ ਨਹੀਂ, ਸਮਾਂ ਤਾਂ ਬਹੁਤ ਹੋ ਗਿਆ।" ਉਹ ਕਹਿੰਦਾ " ਗੁੱਡੀ ਉਹ ਤਾਂ ਅੱਜ ਕਲ੍ਹ ਆਉਂਦੀ ਹੀ ਨਹੀਂ, ਰੌਲੇ ਗੌਲੇ ਜਿਹੇ ਕਰਕੇ ਬੰਦ ਹੋਗੀ" ਮੇਰੀ ਤਾਂ ਖਾਨਿਓ ਗਈ,ਬਈ ਹੁਣ ਕੀ ਬਣੂੰ ? ਉਦੋਂ ਕਿਹੜਾ ਫੋਨ ਹੁੰਦੇ ਸੀ ਬਈ ਕਿਸੇ ਨੂੰ ਬੁਲਾ ਲਵਾਂ,ਨਾ ਕੋਈ ਜਾਣ ਪਛਾਣ, ਅਜੇ ਦਸਵੀਂ ਪਾਸ ਕਰਕੇ ਤਾਂ ਘਰੋਂ ਬਾਹਰ ਆਉਣ ਦਾ ਮੌਕਾ ਮਿਲਿਆ ਸੀ। ਪਰ ਮੈਂ ਘਬਰਾਹਟ ਦਾ ਕੋਈ ਚਿੰਨ ਨਾ ਮੂੰਹ ਤੇ ਨਾ ਹੀ ਬੋਲਾਂ ਵਿੱਚ ਆਉਣ ਦਿੱਤਾ ਤੇ ਫਿਰ ਕਿਹਾ," ਬਾਈ ਜੀ ਹੁਣ ਕੀ ਜਾਊਗਾ ਪਿੰਡ ? ਉਹਨਾਂ ਕਿਹਾ ਟੈਂਪੂ ਵਾਲੇ ਨੂੰ ਪੁੱਛਦੇ ਆਂ, ਜੇ ਸਵਾਰੀਆਂ ਬਣ ਜਾਣ ਤਾਂ ,ਚਲੇ ਜਾਂਦੇ ਹੁੰਦੇ ਐ।' ਅਸੀਂ ਟੈਂਪੂ ਵੱਲ ਤੁਰ ਪਏ ਸਾਡੇ ਪਿੰਡ ਦੀਆਂ ਤਾਂ ਅਸੀਂ ਦੋ ਸਵਾਰੀਆਂ ਸੀ,ਪਰ ਪਿੰਡ ਤੋਂ 4-5 ਕਿਲੋ ਮੀਟਰ ਉਰਲੇ ਪਿੰਡ ਦੀਆਂ ਕਈ ਸਵਾਰੀਆਂ ਹੋਣ ਕਰਕੇ ਟੈਂਪੂ ਵਾਲਾ ਉਥੋਂ ਤੱਕ ਜਾਣ ਲਈ ਤਿਆਰ ਹੋ ਗਿਆ। ਬਾਈ ਨੇ ਕਿਹਾ," ਗੁੱਡੀ ਆਪਾਂ ਉੱਥੇ ਤੱਕ ਚੱਲਦੇ ਆਂ,ਉਥੋਂ ਮੈਂ ਸਾਈਕਲ ਪੁੱੱਛ ਲਊਂਗਾ, ਉਦੋਂ ਤਾਂ ਸਾਈਕਲ ਹੀ ਮਸਾਂ ਹੁੰਦੇ ਸੀ, ਸਕੂਟਰ ਤਾਂ ਕਿਸੇ ਕਿਸੇ ਕੋਲ ਹੁੰਦਾ ਸੀ, ਉਹ ਵੀ ਹਰ ਕਿਸੇ ਨੂੰ ਚਲਾਉਣਾ ਨਹੀਂ ਆਉਂਦਾ ਸੀ। ਅਸੀਂ ਟੈਂਪੂ ਵਿੱਚ ਬੈਠ ਗਏ । ਉਸ ਪਿੰਡ ਉਤਰ ਕੇ ਅਸੀਂ ਇਕ ਘਰੇ ਗਏ ਜਿਥੇ ਸ਼ਾਇਦ ਉਸ ਨੇ ਉਨ੍ਹਾਂ ਦੇ ਘਰ ਮਿਸਤਰੀ ਦਾ ਕੰਮ ਕੀਤਾ ਹੋਣੈ, ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਮੈਨੂੰ ਇਹੋ ਅੰਦਾਜ਼ਾ ਹੋਇਆ। ਬਾਈ ਨੇ ਉਨ੍ਹਾਂ ਦੇ ਘਰ ਜਾ ਕੇ ਦੁਆ ਸਲਾਮ ਤੋਂ ਬਾਅਦ ਕਿਹਾ, "ਮੈਨੂੰ ਥੋਡਾ ਸਾਇਕਲ ਦਿਓ, ਪਿੰਡ ਤੱਕ ਹੁਣ ਕੁੱਝ ਵੀ ਜਾਂਦਾ ਨਹੀਂ, ਮੇਰੀ ਭੈਣ ਵੀ ਮੇਰੇ ਨਾਲ ਹੈ।"
ਉਹਨਾਂ ਨੇ ਸਾਈਕਲ ਤਾਂ ਦੇ ਦਿੱਤਾ ,ਪਰ ਉਸ ਦੇ ਤਾਂ ਕੈਰੀਅਰ ਹੀ ਨਹੀਂ ਸੀ। ਮੇਰੀ ਜਾਨ ਤਾਂ ਫਿਰ ਕੁੜਿੱਕੀ 'ਚ ਆ ਗਈ,ਪਰ ਮੇਰੇ ਕੋਲ ਕੋਈ ਚਾਰਾ ਨਾ ਹੋਣ ਕਰਕੇ ਮੈਂ ਬਗੈਰ ਕਿਸੇ ਹਿਚਕਚਾਹਟ ਦੇ ਸਾਈਕਲ ਦੇ ਡੰਡੇ 'ਤੇ ਬੈਠ ਗਈ। ਮਨ ਵਿੱਚ ਇੱਕ ਸੁਆਲ ਆਵੇ ਤੇ ਇੱਕ ਜਾਵੇ, ਪਰ ਮੈਂ ਬਗੈਰ ਕਿਸੇ ਹਿਲਜੁਲ ਦੇ ਚੁਪਚਾਪ ਬੈਠੀ ਰਹੀ। ਬਾਈ ਵੀ ਚੁੱਪਚਾਪ ਸਾਈਕਲ ਚਲਾਉਂਦਾ ਰਿਹਾ। ਸੁੰਨੇ ਰਾਹ,ਘੁੱਪ ਹਨੇਰਾ ਉਦੋਂ ਤਾਂ ਸੂਰਜ ਦੇ ਹੁੰਦਿਆਂ ਵੀ ਹਨੇਰਾ ਤੇ ਸੰਨਾਟਾ ਛਾਇਆ ਰਹਿੰਦਾ ਸੀ, ਹਨੇਰੇ ਵੇਲੇ ਤਾਂ ਹਨੇਰਾ ਹੋਣਾ ਹੀ ਹੋਇਆ। ਮੇਰੀ ਲੱਤ ਵੀ ਸੌਂ ਗਈ , ਪਰ ਮੈਂ ਅਹਿੱਲ ਬੈਠੀ ਰਹੀ। ਬੱਸ ਇਸੇ ਤਰ੍ਹਾਂ ਮਨ ਦੇ ਉਤਰਾਵਾਂ ਚੜ੍ਹਾਵਾਂ ਵਿੱਚ ਆਖਿਰ ਪਿੰਡ ਆ ਗਿਆ। ਪਿੰਡ ਵੜਦਿਆਂ ਸਾਰ ਮੈਂ ਛੱਪੜ ਕੋਲ ਹੀ ਕਿਹਾ ," ਬਾਈ ਮੈਨੂੰ ਇਥੇ ਹੀ ਉਤਾਰ ਦਿਓ,"ਮੈਂ ਬੜੇ ਚਾਅ ਨਾਲ ਕੇਲੇ ਖਰੀਦੇ ਸਨ ਜਿਹੜੇ ਸਾਈਕਲ ਦੀ ਟੋਕਰੀ ਵਿੱਚ ਰੱਖੇ ਸਨ।ਪਰ ਹਚਕੋਲਿਆਂ ਨਾਲ ਲਿਫਾਫੇ 'ਚੋਂ ਬਾਹਰ ਖਿਲਰ ਗਏ ਸਨ, ਮੈਂ ਬੱਸ ਸਾਈਕਲ ਦੀ ਟੋਕਰੀ 'ਚ ਮਾੜਾ ਜਿਹਾ ਹੱਥ ਮਾਰ ਕੇ ਜਿਹੜੇ ਵੀ ਹੱਥ ਆਏ ਲੈ ਕੇ ਤੁਰਦੀ ਬਣੀ ਪਤਾ ਨਹੀਂ ਸਾਰੇ ਆ ਗਏ ਪਤਾ ਨਹੀਂ ਟੋਕਰੀ ਦੇ ਵਿੱਚੇ ਰਹਿ ਗਏ ,ਸੁੰਨੀ ਹੋਈ ਲੱਤ ਨਾਲ ਕਾਹਲੇ ਕਦਮੀਂ ਘਰੇ ਪਹੁੰਚਣ ਅਤੇ ਸਹਿਜ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਪਤਾ ਸੀ ਜੇ ਘਰੇ ਜਾ ਕੇ ਦੱਸਿਆ ਤਾਂ ਝਿੜਕਾਂ ਪੈਣਗੀਆਂ, ਤੂੰ ਕੁਵੇਲੇ ਕਿਉਂ ਤੁਰੀ , ਸਵੇਰੇ ਆ ਜਾਂਦੀ ਵਗੈਰਾ ਵਗੈਰਾ। ਘਰ ਦੇ ਕੋਲ ਪਹੁੰਚੀ ਤਾਂ ਸਾਡੇ ਦਰਵਾਜ਼ੇ ਤੇ ਨਿੰਮ ਬੰਨਿਆ ਦਿਸਿਆ, ਸਾਡੇ ਘਰ ਭਾਣਜਾ ਆਇਆ ਸੀ। ਘਰੇ ਵੜੀ ਤਾਂ ਓਹੀ ਗੱਲ, ਨਾ ਸੁੱੱਖ, ਨਾ ਸਾਂਦ,ਸਾਰੇ ਇਕੋ ਸਾਹ ਕਹਿਣ ," ਕਾਹਦੇ 'ਤੇ ਆਈ ਹੈਂ, ਕਾਹਦੇ 'ਤੇ ਆਈ ਹੈਂ?
ਮੈਂ ਜੁਆਕ ਦੇ ਪੱਜ ਅਣਗੌਲਿਆਂ ਕਰਨ ਦਾ ਡਰਾਮਾ ਜਿਹਾ ਕਰਦਿਆਂ ਕਿਹਾ," ਟੈਂਪੂ ਤੇ, ਵਾਧੂ ਸਵਾਰੀਆਂ ਸੀ ਪਿੰਡ ਦੀਆਂ," ਖਹਿੜਾ ਛਡਾਉਣ ਲਈ ਮੈਂ ਜੁਆਕ ਨਾਲ ਉੱਚੀ ਉੱਚੀ ਗੱਲਾਂ ਕਰਨ ਲੱਗ ਪਈ। ਪਰ ਮਾਨਸਿਕ ਤਨਾਅ ਕਰਕੇ ਮੈਂ ਬੱਚੇ ਦਾ ਨਾਂ ਭੁੱਲ ਗਈ, ਜਿਹੜਾ ਮੈਂ ਪਹਿਲਾਂ ਹੀ ਕਹਿੰਦੀ ਰਹਿੰਦੀ ਸੀ ਕਿ ਇਹ ਨਾਮ ਰੱਖਾਂਗੇ ਚਾਹੇ ਹੋਵੇ ਲੜਕੀ ਤੇ ਚਾਹੇ ਹੋਵੇ ਲੜਕਾ। ਸਾਰੇ ਬਾਰ ਬਾਰ ਕਹੀ ਜਾਣ ਨਾਮ ਦੱਸ, ਜਿਹੜਾ ਪਹਿਲਾਂ ਕਹਿੰਦੀ ਹੁੰਨੀ ਐਂ, ਅਸੀਂ ਓਦਨ ਦੇ ਯਾਦ ਕਰੀਂ ਜਾਂਨੇ ਆਂ। ਪਰ ਮੈਂ ਜੁਆਕ ਨਾਲ ਖੇਡਣ ਦਾ ਬਹਾਨਾ ਬਣਾ ਕੇ ਕੋਈ ਲੜ ਨਾ ਫੜਾਇਆ ਤੇ ਤਰ੍ਹਾਂ ਤਰ੍ਹਾਂ ਦੇ ਨਾਮ ਰੱਖਣ ਲੱਗ ਪਈ ਅਤੇ ਸਹਿਜ ਹੋਣ ਦੀ ਕੋਸ਼ਿਸ਼ ਕਰਦੀ ਰਹੀ।
ਪਰ ਅੱਜ ਵੀ, ਜਦੋਂ ਮੈਨੂੰ ਉਹ ਘਟਨਾ ਯਾਦ ਆਉਂਦੀ ਐ ਤਾਂ ਲੂੰ ਕੰਡਾ ਖੜ੍ਹਾ ਹੋ ਜਾਂਦਾ ਹੈ,ਪਰ ਮੈਂ ਉਸ ਭਲੇ ਆਦਮੀ ਦੀ ਬਹੁਤ ਸੁਕਰ ਗੁਜ਼ਾਰ ਹੁੰਦੀ ਆਂ, ਜਿਸ ਨੇ ਭੈਣ ਕਿਹਾ ਤੇ ਭਰਾ ਦਾ ਪੂਰਾ ਫਰਜ਼
ਨਿਭਾਇਆ, ਪੂਰੀ ਹਿਫ਼ਾਜ਼ਤ ਨਾਲ ਘਰ ਪਹੁੰਚਾਇਆ,(ਇਹ ਵੀ ਨਹੀਂ ਸੀ ਕਿ ਉਦੋਂ ਬਹੁਤ ਭਲਾ ਜ਼ਮਾਨਾ ਸੀ, ਉਦੋਂ ਵੀ ਬਥੇਰੇ ਮਸ਼ਟੰਡੇ ਹੁੰਦੇ ਸੀ,ਸਕੂਲ ਸਮੇਂ ਵੀ ਬਥੇਰੇ ਹੁੰਦੇ ਸੀ ਜਿਹਨਾਂ ਦਾ ਮੁਕਾਬਲਾ ਬੜੀ ਜੁਅੱਰਤ ਨਾਲ ਕਰੀਦਾ ਸੀ) ਜਦੋਂ ਕਿ ਐਨੀ ਫਿਰਕੂ ਹਨੇਰੀ ਚੱਲੀ ਹੋਈ ਅਤੇ ਅਸੀਂ ਦੋਨੋਂ ਵੀ ਵੱਖ ਵੱਖ ਫਿਰਕਿਆਂ ਨਾਲ ਸਬੰਧਤ ਸੀ। ਮੈਂ ਤਾਂ ਇਹੋ ਨਤੀਜਾ ਕੱਢਿਆ ਬਈ ਸਾਡੇ ਹੁਕਮਰਾਨ ਤੇ ਫਿਰਕੂ ਤਾਕਤਾਂ ਲੋਕਾਂ ਵਿੱਚ ਵੰਡੀਆਂ ਪਾਉਣ ਲਈ ਜਿਨ੍ਹਾਂ ਮਰਜ਼ੀ ਜ਼ੋਰ ਲਗਾ ਲੈਣ, ਪਰ ਲੋਕ ਹਮੇਸ਼ਾ ਹੀ ਇੱਕ ਦੂਜੇ ਦਾ ਸਹਾਰਾ ਬਣਦੇ ਰਹੇ ਹਨ ਅਤੇ ਬਣਦੇ ਰਹਿਣਗੇ।
ਕਾਸ਼ !80ਵਿਆਂ ਵਾਲਾ ਕਾਲਾ ਦੌਰ ਮੁੜ ਕਦੇ ਨਾ ਆਵੇ,ਨਾ ਬੱਸਾਂ ਬੰਦ ਹੋਣ,ਨਾ ਹੀ ਸੜਕਾਂ ਸੁੰਨੀਆਂ ਹੋਣ,ਨਾ ਮੇਰੇ ਵਾਂਗੂੰ ਕਿਸੇ 'ਕੱਲੇ 'ਕੇਰੇ ਨੂੰ ਮਾਨਸਿਕ ਤਨਾਅ 'ਚੋਂ ਗੁਜ਼ਰਨਾ ਪਵੇ ਤੇ ਨਾ ਹੀ ਝੂਠ ਬੋਲਣ ਲਈ ਮਜ਼ਬੂਰ ਹੋਣਾ ਪਵੇ,ਲੋਕ ਆਰਾਮ ਨਾਲ ਬੇਖੌਫ਼ ਆਪਣੇ ਕੰਮੀਂ ਧੰਦੀਂ ਆਉਣ ਜਾਣ , ਮੰਜ਼ਿਲਾਂ ਹਾਸਿਲ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਦੇ ਵੀ ਆਂਚ ਨਾ ਆਉਣ ਦੇਣ।