ਮੋਰਿੰਡਾ 9 ਦਸੰਬਰ ( ਭਟੋਆ )
ਮੋਰਿੰਡਾ ਬਲਾਕ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੋਂ ਲੰਮੇ ਸਮੇਂ ਤੋਂ ਪਿੰਡਾਂ ਵਿਚ ਕੰਮ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪ੍ਰੈਕਟਿਸ ਕਰਨ ਦੇ ਅਧਿਕਾਰ ਦੇਣ ਦੀ ਮੰਗ ਕੀਤੀ ਹੈ ।
ਇਸ ਸਬੰਧੀ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੇ ਨਾਮ ਦਿੱਤੇ ਮੰਗ ਪੱਤਰ ਦੀਆਂ ਕਾਪੀਆਂ ਇੱਥੇ ਪੱਤਰਕਾਰਾਂ ਨੂੰ ਬਣਦਿਆਂ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਪਾਲ ਸਿੰਘ ਅਤੇ ਜਿਲਾ ਚੇਅਰਮੈਨ ਡਾਕਟਰ ਸੀਤਾ ਰਾਮ ਨੇ ਦਸਿਆ ਕਿ ਦੇਸ਼ ਤੇ ਸੂਬੇ ਦੀਆਂ ਸਰਕਾਰਾਂ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਅਸਮਰਥ ਰਹੀਆਂ ਹਨ । ਉਨ੍ਹਾਂ ਕਿਹਾ ਕਿ ਦੇਸ਼ ਦੀ 80 ਪ੍ਰਤੀਸ਼ਤ ਆਬਾਦੀ ਪਿੰਡਾਂ ਵਿਚ ਵਸਦੀ ਹੈ ਜਿਹਨਾ ਨੂੰ ਮੈਡੀਕਲ ਪ੍ਰੈਕਟੀਸ਼ਨਰ ਹੀ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਹਨ , ਪਰੰਤੂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪੇਂਡੂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਰੋਕਦਾ ਹੈ । ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਇਹ ਮੈਡੀਕਲ ਪ੍ਰੈਕਟੀਸ਼ਨਰ ਹੀ ਸਨ ਜਿਨ੍ਹਾਂ ਨੇ ਕਰੋਨਾ ਕਾਲ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਘਰ ਘਰ ਜਾ ਕੇ ਮਾਸਕ, ਦਵਾਈਆਂ ਅਤੇ ਸੈਨੀਟਾਇਜਰ ਮੁਹਈਆ ਕਰਵਾ ਕੇ ਉਹਨਾਂ ਲੋਕਾਂ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਹੁਣ ਵੀ ਰਾਤ ਬਰਾਤੇ ਜਾਂ ਐਮਰਜੈਂਸੀ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ਼ ਹੀ ਪਿੰਡਾਂ ਦੇ ਲੋਕਾਂ ਦੇ ਸਹਾਈ ਹੁੰਦੇ ਹਨ। ਐਸੋਸੀਏਸ਼ਨ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਲੰਮੇ ਸਮੇਂ ਦੇ ਤਜਰਬੇ ਨੂੰ ਵੇਖਦਿਆਂ ਸੂਬੇ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪ੍ਰੈਕਟਿਸ ਕਰਨ ਦੇ ਅਧਿਕਾਰ ਦਿੱਤੇ ਜਾਣ ਤਾਂ ਜੋ ਉਹ ਪੇਂਡੂ ਲੋਕਾਂ ਦੀ ਸੇਵਾ ਕਰਨ ਦੇ ਨਾਲ-ਨਾਲ ਆਪੋ ਆਪਣੇ ਪਰਿਵਾਰਾਂ ਨੂੰ ਵੀ ਪਾਲ ਸਕਣ । ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਡਾਕਟਰ ਰਾਜਵਿੰਦਰ ਸਿੰਘ ਵਾਈਸ ਪ੍ਰਧਾਨ, ਡਾਕਟਰ ਜਸਵੰਤ ਸਿੰਘ ਕੈਸ਼ੀਅਰ, ਡਾਕਟਰ ਕਰਨੈਲ ਸਿੰਘ ਬਲਾਕ ਚੇਅਰਮੈਨ, ਡਾਕਟਰ ਰਾਜ ਮਸ਼ਾਲ ਜਨਰਲ ਸਕੱਤਰ, ਡਾਕਟਰ ਪਰਮਿੰਦਰ ਸਿੰਘ ਅਤੇ ਡਾਕਟਰ ਅਵਤਾਰ ਸਿੰਘ ਆਦਿ ਵੀ ਹਾਜਰ ਸਨ ।
ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਇਹਨਾਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਭਰੋਸਾ ਦਿਤਾ ਗਿਆ ਕਿ ਉਹ ਉਹਨਾਂ ਦੀਆਂ ਮੰਗਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਇਨ੍ਹਾਂ ਦੇ ਹੱਲ ਲਈ ਕੋਸ਼ਿਸ਼ ਕਰਨਗੇ।