ਖੋਜ ’ਚ ਹੋਇਆ ਖੁਲਾਸਾ : ਚੀਨ ’ਚ ਹਰ ਸਾਲ ਹੁੰਦੀ ਹੈ 10 ਲੱਖ ਦੀ ਮੌਤ
ਚੰਡੀਗੜ੍ਹ, 7 ਦਸੰਬਰ, ਦੇਸ਼ ਕਲਿੱਕ ਬਿਓਰੋ :
ਦੁਨੀਆ ਭਰ ਵਿੱਚ ਵੱਡੀ ਗਿਣਤੀ ਲੋਕ ਸਮੋਕਿੰਗ ਕਰਦੇ ਹਨ। ਦੁਨੀਆ ਭਰ ਵਿੱਚ ਸਮੋਕਿੰਗ ਕਰਨ ਵਾਲਿਆਂ ‘ਚ 40 ਫੀਸਦੀ ਲੋਕ ਚੀਨ ਵਿੱਚ ਰਹਿੰਦੇ ਹਨ। ਲੈਂਸੇਟ ਜਨਰਲ ਵਿੱਚ ਛਪੀ ਆਕਸਫੋਰਡ ਯੂਨੀਵਰਸਿਟੀ ਅਤੇ ਕਈ ਚੀਨੀ ਰਿਸਰਚ ਇੰਸਟੀਚਿਊਟਸ ਦੀ ਸਰਚ ਮੁਤਾਬਕ ਤੰਬਾਕੂ ਦੀ ਵਰਤੋਂ ਨਾ ਕਰਨ ਵਾਲਿਆਂ ਦੇ ਮੁਕਾਬਲੇ ਸਮੋਕਿੰਗ ਕਰਨ ਵਾਲਿਆਂ ਨੂੰ 56 ਬਿਮਾਰੀਆਂ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਨ੍ਹਾਂ ਬਿਮਾਰੀਆਂ ਵਿੱਚ ਕੈਂਸਰ ਤੋਂ ਲੈ ਕੇ ਦਿਲ, ਦਿਮਾਗ, ਲੀਵਰ ਅਤੇ ਅੱਖਾਂ ਦੀਆਂ ਬਿਮਾਰੀਆਂ ਵੀ ਸ਼ਾਮਲ ਹਨ।
ਇਸ ਸਰਚ ਦੇ ਲਈ ਚਾਇਨਾ ਕਡੂਰੀ ਬਾਈਓਬੈਂਕ ਦਾ ਡਾਟਾ ਵਰਤਿਆ ਗਿਆ ਹੈ। ਸਟੱਡੀ ਵਿੱਚ 5 ਲੱਖ 12 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਸਿਹਤ ਨੂੰ ਕਰੀਬ 11 ਸਾਲ ਤੱਕ ਲਗਾਤਰ ਦੇਖਿਆ ਗਿਆ। ਇਸ ਵਿਚ ਲਗਭਗ 3 ਲੱਖ ਔਰਤਾਂ ਵੀ ਸ਼ਾਮਲ ਸਨ, ਪ੍ਰੰਤੂ ਰੈਗੂਲਰ ਸਮੋਕਿੰਗ ਕਰਨ ਵਾਲੇ 74.3 ਫੀਸਦੀ ਪੁਰਸ਼ ਸਨ।
ਸਟੱਡੀ ਵਿੱਚ ਸ਼ਾਮਲ ਲਿਮਿੰਗ ਲੀ ਨੇ ਦੱਸਿਆ ਕਿ ਚੀਨ ਵਿੱਚ ਦੋ ਤਿਹਾਈ ਪੁਰਸ਼ 20 ਸਾਲ ਦੀ ਉਮਰ ਤੋਂ ਪਹਿਲਾਂ ਹੀ ਸਿਗਰੇਟ ਪੀਣ ਦੇ ਆਦੀ ਹੋ ਜਾਂਦੇ ਹਨ। ਸਿਗਰਟ ਨਾ ਛੱਡਣ ਕਾਰਨ ਇਨ੍ਹਾਂ ਵਿਚੋਂ ਅੱਧੇ ਲੋਕਾਂ ਨੂੰ ਆਪਣੀ ਆਦਤ ਦੇ ਕਾਰਨ ਜਾਨ ਗੁਆਉਣੀ ਪੈਂਦੀ ਹੈ। ਜ਼ਿਕਰਯੋਗ ਹੈ ਕਿ ਚੀਨ ਵਿੱਚ ਸਮੋਕਿੰਗ ਨਾਲ ਹਰ ਸਾਲ 10 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਭਾਵ ਹਰ ਦਿਨ ਔਸਤ 3 ਹਜ਼ਾਰ ਲੋਕਾਂ ਦੀ ਮੌਤ ਹੁੰਦੀ ਹੈ।
ਵਿਗਿਆਨੀਆਂ ਮੁਤਾਬਕ ਸਿਗਰਟ ਪੀਣ ਵਾਲੇ ਨੂੰ ਸਭ ਤੋਂ ਜ਼ਿਆਦਾ ਗਲੇ ਦਾ ਕੈਂਸਰ ਹੋਣ ਦਾ ਖਤਰਾ ਹੁੰਦਾ ਹੈ। ਇਸ ਦਾ ਖਤਰਾ 216 ਫੀਸਦੀ ਤੱਕ ਹੁੰਦਾ ਹੈ।
ਲਗਾਤਾਰ ਸਿਗਰਿਟ ਪੀਣ ਵਾਲਿਆਂ ਨੂੰ 56 ਬਿਮਾਰੀਆਂ ਦਾ ਖਤਰਾ ਹੁੰਦਾ ਹੈ। ਇਨ੍ਹਾਂ ਵਿਚੋਂ 50 ਬਿਮਾਰੀਆਂ ਪੁਰਸ਼ਾਂ ਨੂੰ ਅਤੇ 24 ਬਿਮਾਰੀਆਂ ਔਰਤਾਂ ਨੂੰ ਸ਼ਿਕਾਰ ਬਣਾ ਸਕਦੀਆਂ ਹਨ। ਇਸ ਦੇ ਨਾਲ ਹੀ 22 ਬਿਮਾਰੀਆਂ ਮੌਤ ਦਾ ਕਾਰਨ ਬਣ ਸਕਦੀਆਂ ਹਨ। ਇਨ੍ਹਾਂ ਵਿਚੋਂ 17 ਪੁਰਸ਼ਾਂ ਅਤੇ 9 ਔਰਤਾਂ ਦੀ ਜਾਨ ਲੈ ਸਕਦੀਆਂ ਹਨ। ਬਿਮਾਰੀਆਂ ਵਿਚੋਂ 10 ਦਿਲ ਦੇ ਰੋਗ, 14 ਸਾਹ ਦੀਆਂ ਬਿਮਾਰੀਆਂ, 14 ਕੈਂਸਰ, 5 ਪੇਟ ਨਾਲ ਸਬੰਧਤ ਬਿਮਾਰੀਆਂ ਅਤੇ 13 ਸੂਗਰ ਤੇ ਮੋਤੀਆਬਿੰਦ ਵਰਗੀਆਂ ਬਿਮਾਰੀਆਂ ਸ਼ਾਮਲ ਹਨ।