ਸਿਵਲ ਸਰਜਨ ਫਤਹਿਗੜ ਸਾਹਿਬ ਡਾ. ਵਿਜੈ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਰਾਇਮਰੀ ਸਿਹਤ ਕੇਂਦਰ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫਸਰ ਡਾ. ਭੂਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਕੇਂਦਰਾਂ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ। ਡਾ. ਭੂਪਿੰਦਰ ਸਿੰਘ ਨੇ ਦੱਸਿਆ ਕਿ ਹਰੇਕ ਸਾਲ ਵਿਸ਼ਵ ਸ਼ੂਗਰ ਦਿਵਸ' ਮਨਾਇਆ ਜਾਂਦਾ ਹੈ। ਜਿਸ ਨੂੰ ਮਨਾਉਣ ਦਾ ਮੰਤਵ ਸ਼ੂਗਰ ਦੀ ਬਿਮਾਰੀ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ। ਡਾ. ਭੂਪਿੰਦਰ ਸਿੰਘ ਨੇ ਦੱਸਿਆ ਕਿ ਸ਼ੂਗਰ ਦੋ ਪ੍ਰਕਾਰ ਦੀ ਹੁੰਦੀ ਹੈ। ਟਾਇਪ 1 ਸ਼ੂਗਰ ਜ਼ਿਆਦਾਤਰ ਜਨਮ ਤੋਂ ਹੁੰਦੀ ਹੈ, ਜਦੋਂ ਕਿ ਟਾਇਪ 2 ਸ਼ੂਗਰ ਦਾ ਕਾਰਨ ਮਾੜੀ ਜੀਵਨ ਸ਼ੈਲੀ ਹੈ। ਟਾਈਪ 2 ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਦੇ ਮੁੱਖ ਕਾਰਨ ਮੋਟਾਪਾ, ਕਸਰਤ ਘੱਟ ਕਰਨਾ, ਗੈਰ-ਸੰਤੁਲਿਤ ਭੋਜਨ, ਤਣਾਅ ਅਤੇ ਪਰਿਵਾਰਕ ਇਤਿਹਾਸ ਹਨ। ਇਸ ਲਈ ਜ਼ਰੂਰੀ ਹੈ ਸੁੰਤਲਿਤ ਭੋਜਨ ਦੀ ਵਰਤੋਂ ਕੀਤੀ ਜਾਵੇ ਅਤੇ ਬਾਹਰੀ ਡੱਬਾ ਬੰਦ ਭੋਜਨ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਇਸਦੇ ਨਾਲ ਹੀ ਹਰ ਰੋਜ਼ ਘੱਟ ਤੋਂ ਘੱਟ ਅੱਧਾ ਘੰਟਾ ਕਸਰਤ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੂਗਰ ਨੂੰ ਕੰਟਰੋਲ ਕਰਕੇ ਮੌਤ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਉਨਾਂ੍ਹ ਦੱਸਿਆ ਕਿ ਸਿਹਤਮੰਦ ਖੁਰਾਕਾਂ ਨਾਲ ਸ਼ੂਗਰ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਉਨਾਂ੍ਹ ਕਿਹਾ ਕਿ ਭਾਰ ਨੂੰ ਨਿਯਮਤ ਰੱਖਣਾ, ਨਿਯਮਿਤ ਤੌਰ 'ਤੇ ਕਸਰਤ ਕਰਨਾ, ਚੰਗੀ ਨੀਂਦ ਲੈਣਾ ਅਤੇ ਰੋਟੀ, ਪਾਸਤਾ, ਜੰਕ ਅਤੇ ਪੋ੍ਸੈਸਡ ਭੋਜਨ ਵਿਚ ਰਿਫਾਇੰਡ ਦੀ ਵਰਤੋਂ ਨਾ ਕਰਨਾ ਅਤੇ ਇਸਦੇ ਨਾਲ ਹੀ ਆਹਾਰ ਵਿਚ ਤਾਜ਼ੇ ਫਲਾਂ, ਸਬਜ਼ੀਆਂ, ਦਾਲਾਂ, ਨਟਸ ਨੂੰ ਸ਼ਾਮਲ ਕਰਨਾ, ਸ਼ੂਗਰ ਕੰਟਰੋਲ ਕਰਨ ਦੇ ਕੁਝ ਪ੍ਰਭਾਵਸ਼ਾਲੀ ਤਰੀਕੇ ਹਨ।