ਨਵੀਂ ਦਿੱਲੀ, 13 ਨਵੰਬਰ, ਦੇਸ਼ ਕਲਿੱਕ ਬਿਓਰੋ :
ਟੀ 20 ਵਿਸ਼ ਕੱਪ ਵਿੱਚ ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਵਿਸ਼ਵ ਕੱਪ ਉਤੇ ਆਪਣਾ ਕਬਜ਼ਾ ਕਰ ਲਿਆ। ਬੈਨ ਸਟੋਕਸ ਦੇ ਤੂਫਾਨੀ ਪ੍ਰਦਰਸ਼ਨ ਦੇ ਦਮ ’ਤੇ ਇੰਗਲੈਂਡ ਨੇ ਮੈਲਬੋਰਨ 'ਚ ਖੇਡੇ ਗਏ ਮੈਚ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 138 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ’ਚ ਇੰਗਲੈਂਡ ਨੇ 5 ਵਿਕਟਾਂ ਦੇ ਨੁਕਸਾਨ ’ਤੇ ਮੈਚ ਜਿੱਤ ਲਿਆ। ਇੰਗਲੈਂਡ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ। ਸੈਮ ਕੁਰਾਨ ਅਤੇ ਆਦਿਲ ਰਾਸ਼ਿਦ ਨੇ ਟੀਮ ਲਈ ਜਬਰਦਸਤ ਗੇਂਦਬਾਜ਼ੀ ਕੀਤੀ।
ਜੋਸ ਬਟਲਰ ਨੇ 17 ਗੇਂਦਾਂ ਦਾ ਸਾਹਮਣਾ ਕੀਤਾ ਅਤੇ 3 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਐਲੇਕਸ ਹੇਲਸ ਸਿਰਫ 1 ਦੌੜ ਬਣਾ ਕੇ ਆਊਟ ਹੋ ਗਏ। ਫਿਲਿਪ ਸਾਲਟ 10 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਸ ਨੇ 9 ਗੇਂਦਾਂ ਦਾ ਸਾਹਮਣਾ ਕਰਦੇ ਹੋਏ 2 ਚੌਕੇ ਲਗਾਏ। ਹੈਰੀ ਬਰੂਕ 23 ਗੇਂਦਾਂ ਵਿੱਚ 20 ਦੌੜਾਂ ਬਣਾ ਕੇ ਆਊਟ ਹੋ ਗਿਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 137 ਦੌੜਾਂ ਬਣਾਈਆਂ। ਇਸ ਦੌਰਾਨ ਸ਼ਾਨ ਮਸੂਦ ਨੇ 28 ਗੇਂਦਾਂ ਵਿੱਚ 38 ਦੌੜਾਂ ਬਣਾਈਆਂ। ਉਸ ਨੇ 2 ਚੌਕੇ ਅਤੇ 1 ਛੱਕਾ ਲਗਾਇਆ। ਕਪਤਾਨ ਬਾਬਰ ਆਜ਼ਮ ਨੇ 28 ਗੇਂਦਾਂ ਵਿੱਚ 32 ਦੌੜਾਂ ਬਣਾਈਆਂ। ਉਸ ਨੇ 2 ਚੌਕੇ ਲਾਏ। ਰਿਜ਼ਵਾਨ 15 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਮੁਹੰਮਦ ਹੈਰਿਸ ਸਿਰਫ਼ 8 ਦੌੜਾਂ ਹੀ ਬਣਾ ਸਕੇ। ਇਫਤਿਖਾਰ ਅਹਿਮਦ ਖਾਤਾ ਵੀ ਨਹੀਂ ਖੋਲ੍ਹ ਸਕੇ। ਸ਼ਾਦਾਬ ਖਾਨ ਨੇ 14 ਗੇਂਦਾਂ ਵਿੱਚ 20 ਦੌੜਾਂ ਬਣਾਈਆਂ। ਉਸ ਨੇ 2 ਚੌਕੇ ਲਾਏ। ਨਵਾਜ਼ 5 ਦੌੜਾਂ ਬਣਾ ਕੇ ਆਊਟ ਹੋ ਗਏ।
ਇੰਗਲੈਂਡ ਲਈ ਖਤਰਨਾਕ ਗੇਂਦਬਾਜ਼ੀ ਕਰਦੇ ਹੋਏ ਸੈਮ ਨੇ 3 ਵਿਕਟਾਂ ਲਈਆਂ। ਉਸ ਨੇ 4 ਓਵਰਾਂ 'ਚ ਸਿਰਫ 12 ਦੌੜਾਂ ਦਿੱਤੀਆਂ। ਆਦਿਲ ਰਸ਼ੀਦ ਵੀ ਚਮਕਿਆ। ਉਸ ਨੇ 4 ਓਵਰਾਂ 'ਚ 22 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਰਾਸ਼ਿਦ ਨੇ ਮੇਡਨ ਓਵਰ ਵੀ ਆਊਟ ਕੀਤਾ। ਕ੍ਰਿਸ ਜਾਰਡਨ ਨੇ 4 ਓਵਰਾਂ ’ਚ 27 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਬੇਨ ਸਟੋਕਸ ਨੂੰ ਸਫਲਤਾ ਮਿਲੀ। ਉਸ ਨੇ 4 ਓਵਰਾਂ 'ਚ 32 ਦੌੜਾਂ ਦੇ ਕੇ ਇਕ ਵਿਕਟ ਲਈ।