-ਪੰਜ ਸਾਲ ਤੱਕ ਦੇ 15 ਫੀਸਦੀ ਬੱਚਿਆਂ ਦੀ ਮੌਤ ਲਈ ਨਿਮੋਨੀਆ ਮੁੱਖ ਵਜ੍ਹਾ: ਨਰਿੰਦਰ ਪਾਲ ਸਿੰਘ
ਦਲਜੀਤ ਕੌਰ
ਸੁਨਾਮ/ ਸੰਗਰੂਰ, 12 ਨਵੰਬਰ, 2022: ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਤੰਦਰੁਸਤ ਪੰਜਾਬ ਸਿਹਤ ਕੇਂਦਰ ਛਾਹੜ ਵਿਖੇ “ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਨਰਿੰਦਰ ਪਾਲ ਬਲਾਕ ਐਜੂਕੇਟਰ-ਕਮ-ਨੋਡਲ ਅਫਸਰ ਆਈ. ਈ. ਸੀ. ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਪ੍ਰੋਗਰਾਮ 28 ਫ਼ਰਵਰੀ ਤੱਕ ਚਲਾਇਆ ਜਾਵੇਗਾ ਜਿਸ ਦਾ ਮੰਤਵ ਲੋਕਾਂ ਨੂੰ ਨਿਮੋਨੀਆ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਵਿਚ ਮਦਦ ਮਿਲੇਗੀ। ਇਸ ਪ੍ਰੋਗਰਾਮ ਨਾਲ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 15 ਫੀਸਦੀ ਬੱਚਿਆਂ ਦੀ ਮੌਤ ਨਿਮੋਨੀਆ ਦੀ ਵਜ੍ਹਾ ਨਾਲ ਹੁੰਦੀ ਹੈ। ਨਿਮੋਨੀਆ ਦੀ ਸਮੇਂ ਸਿਰ ਪਛਾਣ ਤੇ ਇਲਾਜ ਕਰਕੇ ਬੱਚਿਆਂ ਦੀ ਮੌਤ ਨੂੰ ਘਟਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਅਤੇ ਸੰਪੂਰਨ ਪੌਸ਼ਟਿਕ ਆਹਾਰ ਦੇਣ ਤੋਂ ਇਲਾਵਾ ਵਿਟਾਮਿਨ ਏ ਦਾ ਘੋਲ਼ ਦੇਣ ਦੇ ਨਾਲ-ਨਾਲ ਟੀਕਾਕਰਨ ਉੱਤੇ ਧਿਆਨ ਦੇ ਕੇ ਬੱਚਿਆਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਵਿਚ ਪ੍ਰਤੀ 1000 ਜ਼ਿੰਦਾ ਬੱਚਿਆਂ ਵਿਚ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਨੂੰ 3 ਤੱਕ ਘੱਟ ਕਰਨ ਦਾ ਟੀਚਾ ਸਾਲ 2025 ਤੱਕ ਨਿਰਧਾਰਿਤ ਕੀਤਾ ਗਿਆ ਹੈ।
ਸੀ.ਐੱਚ.ਓ. ਹੰਸਪ੍ਰੀਤ ਕੌਰ ਨੇ ਬੱਚਿਆਂ ਵਿਚ ਨਿਮੋਨੀਆ ਦੇ ਲੱਛਣ, ਕਾਰਨ ਅਤੇ ਇਸ ਤੋਂ ਬਚਾਅ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ਼੍ਰੀ ਰਾਜਿੰਦਰ ਸਿੰਘ ਅਤੇ ਵੀਰ ਸਿੰਘ ਨੇ ਡੇਂਗੂ ਦੇ ਕਾਰਨ, ਬਚਾਅ ਅਤੇ ਇਲਾਜ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਸਮੂਹ ਆਸ਼ਾ ਅਤੇ ਅਤੇ ਪਿੰਡ ਵਾਸੀ ਮੌਜੂਦ ਸਨ।