- ਤੰਬਾਕੂ ਨਾਲ ਮਰਦਾਂ ਵਿੱਚ ਨਿਪੁੰਨਸਕਤਾ ਅਤੇ ਪ੍ਰਜ਼ਨਨ ਸ਼ਕਤੀ ਵਿੱਚ ਕਮੀ ਆ ਜਾਂਦੀ ਹੈ - ਹੇਮੰਤ ਕੁਮਾਰ
ਫਤਿਹਗੜ ਸਾਹਿਬ/ਬੱਸੀ ਪਠਾਣਾ() - ਸਿਵਲ ਸਰਜਨ ਫਤਿਹਗੜ ਸਾਹਿਬ ਡਾ.ਵਿਜੈ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਪੀ.ਐਚ.ਸੀ ਨੰਦਪੁਰ ਕਲੋੜ ਵਿਖੇ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ।ਇਸ ਮੌਕੇ ਡਾ. ਭੁਪਿੰਦਰ ਨੇ ਸਮੂਹ ਸਿਹਤ ਕਰਮਚਾਰੀਆਂ ਸਮੇਤ ਆਮ ਲੋਕਾਂ ਨੂੰ ਪੂਰੀ ਜ਼ਿੰਦਗੀ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਪਦਾਰਥ ਦਾ ਕਿਸੇ ਵੀ ਰੂਪ ਵਿਚ ਇਸਤੇਮਾਲ ਨਹੀਂ ਕਰਨ ਦਾ ਪ੍ਰਣ ਦਿਵਾਇਆ। ਸਿਹਤ ਕਾਮਿਆਂ ਨੂੰ ਆਪਣੇ ਕਾਰਜ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਤੰਬਾਕੂ ਦੀ ਮਾੜੀ ਆਦਤ ਨੂੰ ਛਡਵਾਉਣ ਵਿਚ ਲੋਕਾਂ ਦੀ ਮਦਦ ਕਰਨ ਦੀ ਸਹੁੰ ਵੀ ਚੁਕਾਈ ਗਈ। ਇਸ ਦੌਰਾਨ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਬਲਾਕ ਐਜੂਕੇਟਰ ਹੇਮੰਤ ਕੁਮਾਰ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਭਾਰਤ ਵਿੱਚ ਅਜੇ ਵੀ 35 ਫੀਸਦੀ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ 9 ਫੀਸਦੀ ਬੀੜੀ ਸਿਗਰਟ, 21 ਫੀਸਦੀ ਖਾਣ ਵਾਲਾ ਤੰਬਾਕੂ ਅਤੇ 5 ਫੀਸਦੀ ਲੋਕ ਬੀੜੀ ਸਿਗਰਟ ਪੀਣ ਦੇ ਨਾਲ-ਨਾਲ ਖਾਣ ਵਾਲਾ ਤੰਬਾਕੂ ਵੀ ਵਰਤਦੇ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਪੰਜਾਬ ਵਿੱਚ ਔਸਤਨ 48 ਲੋਕ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਹਰ ਰੋਜ਼ ਤਕਰੀਬਨ 5500 ਤੋੰ ਵੱਧ ਨਵੇਂ ਬੱਚੇ ਤੰਬਾਕੂ ਦੀ ਆਦਤ ਸਹੇੜ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਪੜ੍ਹਦੇ 13 ਤੋਂ 15 ਸਾਲ ਦੇ ਕੁੱਲ ਬੱਚਿਆਂ ਵਿੱਚੋਂ 14 ਫੀਸਦੀ ਬੱਚੇ ਤੰਬਾਕੂ ਦਾ ਸੇਵਨ ਕਰਦੇ ਹਨ, 4 ਫੀਸਦੀ ਬੱਚੇ ਸਿਗਰੇਟ ਜਾਂ ਬੀੜੀ ਪੀਂਦੇ ਹਨ ਅਤੇ 22 ਫੀਸਦੀ ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਸਾਹਮਣੇ ਘਰਾਂ ਵਿੱਚ ਤੰਬਾਕੂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹ ਵੀ ਤੰਬਾਕੂ ਦੇ ਧੂੰਏ ਦੇ ਮਾਰੂ ਅਸਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਲਗਭਗ 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ। ਤੰਬਾਕੂ ਦੇ ਸੇਵਨ ਨਾਲ ਮੂੁੰਹ, ਗਲ੍ਹੇ, ਖੁਰਾਕ ਨਲੀ, ਫੇਫੜਿਆਂ ਅਤੇ ਪੇਟ ਆਦਿ ਦਾ ਕੈਂਸਰ ਹੁੰਦਾ ਹੈ, ਕਿਉਂਕ ਇਸ ਵਿੱਚ ਨਿਕੋਟੀਨ ਸਹਿਤ ਹੋਰ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਤੰਬਾਕੂ ਦੀ ਲਗਾਤਾਰ ਵਰਤੋਂ ਕਾਰਨ ਦਿਲ ਦਾ ਦੌਰਾ, ਲਹੂ ਨਾੜੀਆਂ ਦਾ ਰੋਗ, ਹਾਈ ਬਲੱਡ ਪ੍ਰੈਸ਼ਰ, ਗੁਰਦੇ ਦੀ ਬਿਮਾਰੀ, ਸ਼ੂਗਰ ਆਦਿ ਹੋ ਸਕਦੇ ਹਨ। ਤੰਬਾਕੂ ਨਾਲ ਮਰਦਾਂ ਵਿੱਚ ਨਿਪੁੰਨਸਕਤਾ ਅਤੇ ਪ੍ਰਜ਼ਨਨ ਸ਼ਕਤੀ ਵਿੱਚ ਕਮੀ ਆ ਜਾਂਦੀ ਹੈ। ਗਰਭ ਅਵਸਥਾ ਦੌਰਾਨ ਤੰਬਾਕੂ ਦਾ ਸੇਵਨ ਕਰਨ ਨਾਲ ਘੱਟ ਭਾਰ ਵਾਲੇ ਬੱਚੇ ਦਾ ਜਨਮ ਹੁੰਦਾ ਹੈ।