ਨਵੀਂ ਦਿੱਲੀ, 27 ਅਕਤੂਬਰ, ਦੇਸ਼ ਕਲਿਕ ਬਿਊਰੋ:
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਅੱਜ ਵੀਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਭਾਰਤੀ ਮਹਿਲਾ ਖਿਡਾਰੀਆਂ ਦੀ ਮੈਚ ਫੀਸ ਵੀ ਪੁਰਸ਼ ਖਿਡਾਰੀਆਂ ਦੇ ਬਰਾਬਰ ਹੋਵੇਗੀ। ਇਸ ਤੋਂ ਪਹਿਲਾਂ ਇਹ ਨਿਯਮ ਨਿਊਜ਼ੀਲੈਂਡ ਵਿੱਚ ਲਾਗੂ ਹੋ ਚੁੱਕਾ ਹੈ। ਹਾਲ ਹੀ ਵਿੱਚ ਬੀਸੀਸੀਆਈ ਦੀ ਏਜੀਐਮ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਮਹਿਲਾ ਆਈਪੀਐਲ ਦਾ ਪਹਿਲਾ ਸੀਜ਼ਨ 2023 ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਬੋਰਡ ਨੇ ਇਹ ਵੱਡਾ ਫੈਸਲਾ ਲਿਆ ਹੈ।ਇਹ ਕਦਮ ਮਹਿਲਾ ਕ੍ਰਿਕਟ 'ਚ ਵੱਡਾ ਬਦਲਾਅ ਲਿਆਵੇਗਾ।ਜੈ ਸ਼ਾਹ ਨੇ ਆਪਣੇ ਟਵੀਟ 'ਚ ਕਿਹਾ ਕਿ BCCI ਮਹਿਲਾ ਕ੍ਰਿਕਟਰਾਂ ਨੂੰ ਉਨ੍ਹਾਂ ਦੇ ਪੁਰਸ਼ ਹਮਰੁਤਬਾ ਦੇ ਬਰਾਬਰ ਮੈਚ ਫੀਸ ਦਾ ਭੁਗਤਾਨ ਕੀਤਾ ਜਾਵੇਗਾ। ਟੈਸਟ (15 ਲੱਖ ਰੁਪਏ), ਵਨਡੇ (6 ਲੱਖ ਰੁਪਏ), ਟੀ-20 (3 ਲੱਖ ਰੁਪਏ)। ਬਰਾਬਰ ਤਨਖਾਹ ਸਾਡੀ ਮਹਿਲਾ ਕ੍ਰਿਕਟਰਾਂ ਲਈ ਮੇਰੀ ਵਚਨਬੱਧਤਾ ਸੀ ਅਤੇ ਮੈਂ ਉਨ੍ਹਾਂ ਦੇ ਸਮਰਥਨ ਲਈ ਐਪੈਕਸ ਕੌਂਸਲ ਦਾ ਧੰਨਵਾਦ ਕਰਦਾ ਹਾਂ।