ਸਿਡਨੀ, 27 ਅਕਤੂਬਰ, ਦੇਸ਼ ਕਲਿਕ ਬਿਊਰੋ :
ਟੀ-20 ਵਿਸ਼ਵ ਕ੍ਰਿਕਟ ਕੱਪ 'ਚ ਅੱਜ ਭਾਰਤ ਦਾ ਦੂਜਾ ਮੈਚ ਨੀਦਰਲੈਂਡ ਨਾਲ ਹੈ। ਇਸ ਟੂਰਨਾਮੈਂਟ ਵਿੱਚ ਆਪਣੇ ਪਹਿਲੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਰੋਮਾਂਚਕ ਜਿੱਤ ਦਰਜ ਕੀਤੀ। ਟੀਮ ਇੰਡੀਆ ਨੇ ਪਾਕਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ।ਇਸ ਮੈਚ 'ਚ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਅਰਸ਼ਦੀਪ ਸਿੰਘ ਅਤੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਵੀ ਗੇਂਦਬਾਜ਼ੀ ਵਿੱਚ ਕਮਾਲ ਕੀਤਾ ਸੀ। ਪਹਿਲਾ ਮੈਚ ਜਿੱਤਣ ਤੋਂ ਬਾਅਦ ਭਾਰਤੀ ਖਿਡਾਰੀਆਂ ਦੇ ਹੌਸਲੇ ਸੱਤਵੇਂ ਆਸਮਾਨ 'ਤੇ ਹੋਣਗੇ ਅਤੇ ਟੀਮ ਇੰਡੀਆ ਨੀਦਰਲੈਂਡ ਖਿਲਾਫ ਵੱਡੀ ਜਿੱਤ ਹਾਸਲ ਕਰਨਾ ਚਾਹੇਗੀ।ਦੋਵੇਂ ਟੀਮਾਂ ਪਹਿਲੀ ਵਾਰ ਟੀ-20 ਮੈਚ ਖੇਡਣਗੀਆਂ। ਇਸ ਤੋਂ ਪਹਿਲਾਂ ਦੋਵੇਂ ਟੀਮਾਂ 2003 ਅਤੇ 2011 ਵਿਸ਼ਵ ਕੱਪ 'ਚ ਦੋ ਵਨਡੇ ਮੈਚ ਖੇਡ ਚੁੱਕੀਆਂ ਹਨ ਅਤੇ ਦੋਵਾਂ ਮੌਕਿਆਂ 'ਤੇ ਭਾਰਤ ਨੇ ਨੀਦਰਲੈਂਡ ਨੂੰ ਹਰਾਇਆ ਹੈ। ਅਜਿਹੇ 'ਚ ਭਾਰਤ ਲਈ ਨੀਦਰਲੈਂਡ ਨੂੰ ਹਰਾਉਣਾ ਕੋਈ ਵੱਡੀ ਚੁਣੌਤੀ ਨਹੀਂ ਹੋਵੇਗੀ ਪਰ ਰੋਹਿਤ ਦੀ ਟੀਮ ਇੱਥੇ ਵੱਡੀ ਜਿੱਤ ਦਰਜ ਕਰਨਾ ਚਾਹੇਗੀ। ਖਾਸ ਗੱਲ ਇਹ ਹੈ ਕਿ ਜਦੋਂ ਵੀ ਭਾਰਤ ਨੇ ਵਿਸ਼ਵ ਕੱਪ 'ਚ ਨੀਦਰਲੈਂਡ ਨੂੰ ਹਰਾਇਆ ਹੈ ਤਾਂ ਟੀਮ ਇੰਡੀਆ ਫਾਈਨਲ 'ਚ ਪਹੁੰਚੀ ਹੈ। 2011 ਵਿੱਚ ਭਾਰਤ ਚੈਂਪੀਅਨ ਬਣਿਆ ਸੀ, ਜਦੋਂ ਕਿ 2003 ਵਿੱਚ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਹਾਰ ਗਿਆ ਸੀ।