ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
(1942 ਵਿੱਚ ਦੀਵਾਲੀ ਮੌਕੇ ਲਿਖੀ ਗਈ ਕਵਿਤਾ)
ਅਜ ਦੀ ਰਾਤ ਦੀਵਿਆਂ ਵਾਲੀ
ਪਰ ਆਕਾਸ਼ ਦੀਵਿਉਂ ਖ਼ਾਲੀ
ਮਸਿਆ ਛਾਈ ਘੁਪ ਹਨੇਰਾ
ਅੰਧਕਾਰ ਹੈ ਚਾਰ ਚੁਫੇਰਾ;
ਦਿਲ ਮੇਰਾ ਚਾਨਣ ਤੋਂ ਖ਼ਾਲੀ,
ਕਾਹਦੀ ਰਾਤ ਦੀਵਿਆਂ ਵਾਲੀ ?
ਉਹ ਵੀ ਲੋਕ ਦੀਵਾਲੀ ਮਾਨਣ
ਦਿਨ ਨੂੰ ਵੀ ਜਿਥੇ ਨਹੀਂ ਚਾਨਣ ।
ਦੀਵੇ ਬਲੇ ਦੀਵਾਲੀ ਆਈ,
ਮਨ ਮੇਰੇ ਨੂੰ ਧੁੜਕੀ ਲਾਈ ।
ਦੀਵਿਆਂ ਦੇ ਚਾਨਣ ਦੀ ਲੋ ਵਿੱਚ
ਪਿਆਰੇ ਦੇ ਭਾਲਣ ਦੀ ਟੋਹ ਵਿੱਚ
ਬੇਸ਼ਕ ਸਈਆਂ ਕਜਲੇ ਪਾਵਣ
ਖ਼ੁਸ਼ੀ ਮਨਾਉਣ, ਨੈਣ ਸਜਾਉਣ
ਇਹ ਕਜਲਾ ਹੀ ਸਬੂਤ ਵਧੇਰਾ
ਦੀਵਿਆਂ ਦੇ ਚਾਨਣ ਵਿੱਚ ਨ੍ਹੇਰਾ,
ਕਿੰਜ ਭਾਵਣ ਇਹ ਜਗ ਮਗ ਵਾਲੇ ?
ਬਾਹਰੋਂ ਲਿਸ਼ਕਣ ਅੰਦਰੋਂ ਕਾਲੇ
ਦੀਵੇ ਬਲੇ ਦੀਵਾਲੀ ਆਈ
ਪਰ ਮੇਰੇ ਮਨ ਨੂੰ ਨਾ ਭਾਈ ।
ਇਹ ਮੇਰੇ ਮਨ ਕੀਕਣ ਭਾਣੀ,
ਮੌਸਮ ਬਦਲ ਗਏ ਦੀ ਨਿਸ਼ਾਨੀ ।
ਮੁਕਣ ਨਾ ਜਿਸਦੀਆਂ ਨਿਕੀਆਂ ਰਾਤਾਂ,
ਕੀ ਛੇੜਾਂ ਵੱਡੀਆਂ ਦੀਆਂ ਬਾਤਾਂ ।
ਯਾਰ ਵਿਛੁੰਨੇ, ਪਾਸ ਨਾ ਜਾਨੀ
ਲਗੇ ਨਾ ਕੀਕਣ ਰਾਤ ਬਉਰਾਨੀ ।
ਜਾਗਦਿਆਂ ਯਾਦਾਂ ਤੜਪਾਉਣ,
ਸੌਂ ਜਾਵਾਂ ਸੁਪਨੇ ਵੀ ਡਰਾਉਣ ।
ਚੰਨ ਮੇਰਾ ਬਦਲਾਂ ਵਿੱਚ ਆਇਆ,
ਜ਼ੁਲਫ਼ਾਂ ਨਾਗਨ ਰੂਪ ਵਟਾਇਆ ।
ਅਭੜਵਾਹੇ ਭਰਾਂ ਕਲਾਵੇ,
ਅਪਣਾ ਹਥ ਛਾਤੀ ਤੇ ਆਵੇ ।
ਚੰਗਾ ਸੀ ਨਾ ਦਿਵਾਲੀ ਆਂਦੀ
ਨਾ ਦੁਖਾਂ ਦੀ ਰਾਤ ਵਧਾਂਦੀ ।
ਦੀਵੇ ਬਲੇ ਦੀਵਾਲੀ ਆਈ
ਭਾਹ ਬ੍ਰਿਹੋਂ ਦੀ ਜਿਸ ਚਮਕਾਈ ।
ਮੌਸਮ ਬਦਲੇ, ਰਾਗ ਵੀ ਬਦਲੇ,
ਐਪਰ ਮੇਰੇ ਭਾਗ ਨਾ ਬਦਲੇ
ਬਦਲ ਗਈ ਸੁਰ, ਸਾਜ਼ ਨਾ ਬਦਲੇ,
ਟੁਟ ਗਿਆ ਨਖ਼ਰਾ, ਨਾਜ਼ ਨਾ ਬਦਲੇ ।
ਮਾਰਨ ਦੇ ਅੰਦਾਜ਼ ਤਾਂ ਬਦਲੇ,
ਜੀਵਨ ਦੇ ਪਰ ਰਾਜ਼ ਨਾ ਬਦਲੇ ।
ਮਨ ਮੇਰੇ ਦੀ ਆਸ਼ਾ ਇਹ ਹੀ !
'ਤਨ ਬਦਲੇ ਆਵਾਜ਼ ਨਾ ਬਦਲੇ'
ਲੋਕ ਕਹਿਣ ਰੁਤ ਸੋਹਣੀ ਆਈ,
ਕਿਉਂ ਮੇਰੇ ਮਨ ਨੂੰ ਨਹੀਂ ਭਾਈ ?
ਛਤ ਆਕਾਸ਼ ਧਰਤ ਮੇਰਾ ਪੀੜ੍ਹਾ,
ਬ੍ਰਿੱਛਾਂ ਦੀ ਛਾਵੇਂ ਸੁਖ ਜੀਉੜਾ ।
ਜਾਣੇ ਕੋਈ ਮੇਰੇ ਮਨ ਦੀ ਪੀੜਾ
ਜੁੱਸੇ ਰਤ ਨਹੀਂ ਤਨ ਤੇ ਲੀੜਾ
ਕਿੰਜ ਮੈਨੂੰ ਬਦਲੀ ਰੁਤ ਭਾਵੇ ?
ਇਹ ਰੁਤ ਰਤ ਵਾਲੇ ਨੂੰ ਸੁਖਾਵੇ ।
ਦੀਵੇ ਬਲੇ ਦੀਵਾਲੀ ਆਈ
ਮੇਰੇ ਦਿਲ ਦੀ ਅਗ ਭੜਕਾਈ ।
ਕੀ ਮੈਨੂੰ ਮਿਠਿਆਂ ਨਾਲ ਪਲਾਵਾਂ,
ਵਢ ਵਢ ਜਿਗਰਾ ਅਪਣਾ ਖਾਵਾਂ ।
ਚੋ ਚੋ ਕੇ ਰਤ ਅਪਣੇ ਤਨ ਦੀ,
ਚੇਹਰਾ ਗ਼ੈਰਾਂ ਦਾ ਚਮਕਾਵਾਂ ।
ਲੋਕਾਂ ਦੇ ਲਈ ਪੈਦਾ ਕਰ ਕੇ,
ਅਪਣੇ ਲਈ ਪੁਛਾਂ ! ਕੀ ਖਾਵਾਂ ?
ਬੱਚੇ ਜਿਸ ਦੇ ਠੁਰ ਠੁਰ ਕਰਦੇ,
ਗਈਆਂ ਉਸ ਦੀਆਂ ਕਿਧਰ ਕਪਾਹਵਾਂ ?
ਤਾਕ ਨਾ ਘਰ ਨੂੰ ਵਾ ਨੂੰ ਰੋਕਾਂ
ਤਨ ਨੂੰ ਬਾਲਾਂ ? ਤਨ ਨੂੰ ਸੇਕਾਂ ?
ਕਿੰਜ ਬਦਲੀ ਰੁਤ ਮੈਨੂੰ ਭਾਵੇ,
ਸੁੱਕੀ ਠੰਡ ਹੱਡੀਆਂ ਕੜਕਾਵੇ ।
ਦੀਵੇ ਬਲੇ ਦੀਵਾਲੀ ਆਈ
ਮਨ ਮੇਰੇ ਨੂੰ ਜ਼ਰਾ ਨਾ ਭਾਈ ।
ਕਦ ਦੇ ਗੁਜ਼ਰ ਗਏ ਉਹ ਵੇਲੇ,
ਖ਼ੁਸ਼ੀਆਂ ਦੇ ਹੁੰਦੇ ਸਨ ਮੇਲੇ
ਕੀ ਆਈ ਇਸ ਸਾਲ ਦੀਵਾਲੀ,
ਕੀ ਬੈਠੇ ਹਾਂ ਬਾਲ ਦੀਵਾਲੀ ।
ਮਾਲਕ ਹੈ ਮਜਬੂਰ ਸੁਆਲੀ,
ਇਹ ਹਥ ਖ਼ਾਲੀ, ਅਹਿ ਹਥ ਖ਼ਾਲੀ ।
ਕਿਸ ਦੇ ਬੋਹਲ ਕਿਸ ਦੇ ਦਾਣੇ ?
ਕਿਸ ਨੇ ਗਾਹੇ ਕਿਸ ਨੇ ਖਾਣੇ ?
ਮੇਰੀਆਂ ਕਣਕਾਂ ਮੇਰੀਆਂ ਛੋਲੇ,
ਬਣ ਗਏ ਅਜ ਬਾਰੂਦ ਤੇ ਗੋਲੇ ।
ਢਲ ਕੇ ਮੇਰੀਆਂ ਹੀ ਸ਼ਮਸ਼ੀਰਾਂ
ਮੇਰੇ ਲਈ ਬਣੀਆਂ ਜ਼ੰਜੀਰਾਂ ।
ਇਹ ਤਬਦੀਲੀ ਕਿਸ ਨੂੰ ਭਾਵੇ
ਨਸੀਆਂ ਖ਼ੁਸ਼ੀਆਂ ਰਹਿ ਗਏ ਹਾਵੇ ।
ਦੀਵੇ ਬਲੇ ਦੀਵਾਲੀ ਆਈ
ਬਦਲੀ ਦਾ ਸੰਦੇਸ਼ ਲਿਆਈ ।
ਕਈ ਹੁਨਾਲ, ਸਿਆਲੇ ਬਦਲੇ;
ਬਦਲੇ ਕਰਮਾਂ ਵਾਲੇ ਬਦਲੇ ।
ਬਦਲ ਜਾਣ ਵਾਲੇ ਨਾ ਬਦਲੇ,
ਮੇਰੇ 'ਰਖਵਾਲੇ' ਨਾ ਬਦਲੇ ।
ਕੰਨ ਖਾਣੀ ਆਵਾਜ਼ ਨਾ ਬਦਲੀ,
'ਸਭ ਹੱਛਾ' ਅੰਦਾਜ਼ ਨਾ ਬਦਲੀ ।
ਕਿੰਜ ਟਪੀਏ ਇਹ ਚਿੱਕੜ ਚੱਲ੍ਹੇ ?
ਸੁਕੜ ਗਏ ਕੜੀਆਂ ਦੇ ਛੱਲੇ ।
ਦੀਵੇ ਬਲੇ ਦੀਵਾਲੀ ਆਈ
ਨਹੀਂ ਖੁਲ੍ਹ ਦਾ ਸੰਦੇਸ਼ ਲਿਆਈ ।
ਵਤਨ ਪਿਆਰ ਦੀ ਰਾਸ ਦਾ ਦੀਵਾ,
ਬੁਝੇ ਨਾ ਮੇਰੀ ਆਸ ਦਾ ਦੀਵਾ ।
ਇਸ ਦੀਆਂ ਲਾਟਾਂ ਉਠ ਉਠ ਧਾਵਣ,
ਕੰਧਾਂ ਕੋਠੇ ਸਭ ਟਪ ਜਾਵਣ ।
ਬੇ-ਆਸਾਂ ਨੂੰ ਰਾਹ ਵਿਖਾਉਣ,
ਦੂਤੀ ਦੀਆਂ ਅਖਾਂ ਚੁੰਧਿਆਉਣ ।
ਦੇਸ਼ ਬਿਗਾਨਿਆਂ ਤੋਂ ਹੋਏ ਖ਼ਾਲੀ
ਤਾਂ ਭਾਰਤ ਦੀ ਸਫ਼ਲ ਦੀਵਾਲੀ ।
(ਸ਼ਾਹਪੁਰ ਜੇਲ੍ਹ
8-11-42)(advt53)(advt54)(advt55)