ਮੁੰਬਈ, 18 ਅਕਤੂਬਰ, ਦੇਸ਼ ਕਲਿਕ ਬਿਊਰੋ:
ਸਾਬਕਾ ਆਲਰਾਊਂਡਰ ਰੋਜਰ ਬਿੰਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ 36ਵੇਂ ਪ੍ਰਧਾਨ ਬਣ ਗਏ ਹਨ।ਅੱਜ ਮੰਗਲਵਾਰ ਨੂੰ ਬੋਰਡ ਦੀ ਏਜੀਐਮ ਵਿੱਚ ਬਿੰਨੀ ਨੂੰ ਪ੍ਰਧਾਨ ਚੁਣਿਆ ਗਿਆ। ਉਹ ਸੌਰਵ ਗਾਂਗੁਲੀ ਦੀ ਥਾਂ ਲੈਣਗੇ। ਬੀਸੀਸੀਆਈ ਦੀ ਸਾਲਾਨਾ ਆਮ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ।ਬੀਸੀਸੀਆਈ ਦੀ ਸਾਲਾਨਾ ਆਮ ਮੀਟਿੰਗ ਅੱਜ ਮੁੰਬਈ ਦੇ ਤਾਜ ਹੋਟਲ ਵਿੱਚ ਹੋਈ ਜਿਸ ਵਿੱਚ ਬੀਸੀਸੀਆਈ ਸਕੱਤਰ ਜੈ ਸ਼ਾਹ, ਸਾਬਕਾ ਪ੍ਰਧਾਨ ਸੌਰਵ ਗਾਂਗੁਲੀ, ਉਪ ਪ੍ਰਧਾਨ ਰਾਜੀਵ ਸ਼ੁਕਲਾ, ਖਜ਼ਾਨਚੀ ਅਰੁਣ ਸਿੰਘ ਧੂਮਲ ਅਤੇ ਸਾਬਕਾ ਭਾਰਤੀ ਕ੍ਰਿਕਟਰ ਰੋਜਰ ਬਿੰਨੀ ਵੀ ਮੌਜੂਦ ਸਨ।ਰੋਜਰ ਬਿੰਨੀ ਨੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਜਗ੍ਹਾ ਲਈ ਹੈ। 67 ਸਾਲਾ ਬਿੰਨੀ ਹੀ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਇਕਲੌਤੇ ਉਮੀਦਵਾਰ ਸਨ। ਉਹ ਬਿਨਾਂ ਮੁਕਾਬਲਾ ਚੋਣ ਜਿੱਤ ਗਏ। ਬਿੰਨੀ ਆਪਣੇ ਹਾਲੀਆ ਕਾਰਜਕਾਲ ਵਿੱਚ ਕਰਨਾਟਕ ਰਾਜ ਕ੍ਰਿਕਟ ਸੰਘ ਦੇ ਪ੍ਰਧਾਨ ਰਹੇ ਸਨ।