ਮੋਰਿੰਡਾ 17 ਅਕਤੂਬਰ ( ਭਟੋਆ )
ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਮਾਸਟਰ ਪਿਆਰਾ ਸਿੰਘ ਭੋਲਾ ਦੇ ਜੀਵਨ ਉੱਤੇ ਅਧਾਰਿਤ ਹਰਨਾਮ ਸਿੰਘ ਡੱਲਾ ਦੀ ਲਿਖੀ ਪੁਸਤਕ ` ਬਿਖੜੇ ਰਾਹਾਂ ਦਾ ਦਰਵੇਸ਼ ਪਾਂਧੀ ʼ ਰਿਲੀਜ਼ ਕੀਤੀ ਗਈ । ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਅਮਲੋਹ ਦੇ ਐਸਡੀਐਮ ਗੁਰਬਿੰਦਰ ਸਿੰਘ ਜੌਹਲ ਸਨ ।
ਇਸ ਪੁਸਤਕ ਦੀ ਜਾਣ ਪਹਿਚਾਣ ਉੱਘੇ ਸ਼ਾਇਰ ਸੰਤ ਸਿੰਘ ਸੋਹਲ ਨੇ ਕਰਵਾਈ ਅਤੇ ਵਿਚਾਰ ਚਰਚਾ ਸੁਰਜੀਤ ਵਿਸ਼ਟ, ਗੁਰਦੀਪ ਸਿੰਘ ਵੜੈਚ, ਆਜ਼ਾਦ ਵਿਸਮਾਦ, ਰਾਬਿੰਦਰ ਸਿੰਘ ਰੱਬੀ, ਪ੍ਰਿੰਸੀਪਲ ਮੋਹਣ ਸਿੰਘ ਅਤੇ ਸਵਰਨ ਸਿੰਘ ਭੰਗੂ ਨੇ ਆਪਣੇ ਵਿਚਾਰ ਪੇਸ਼ ਕੀਤੇ । ਸਮਾਗਮ ਦੌਰਾਨ ਸੰਤ ਸਿੰਘ ਸੋਹਲ ਵੱਲੋਂ ਉੱਤੇ ਗੱਲ ਕਰਨ ਤੋਂ ਪਹਿਲਾਂ ਲੇਖਕ ਹਰਨਾਮ ਸਿੰਘ ਡੱਲਾ ਨੂੰ ਉਕਤ ਕਿਤਾਬ ਲਿਖਣ ਤੇ ਵਧਾਈ ਦਿੱਤੀ ਗਈ । ਉਨ੍ਹਾਂ ਕਿਹਾ ਕਿ ਇਸ ਪੁਸਤਕ ਦਾ ਨਾਇਕ ਇੱਕ ਗਰੀਬ ਪਰਿਵਾਰ ਵਿੱਚੋਂ ਉੱਠ ਕੇ ਦੂਜਿਆਂ ਲਈ ਵੀ ਪ੍ਰੇਰਨਾ ਦਾ ਸੋਮਾ ਸਿੱਧ ਹੋਇਆ ਹੈ । ਮਿਹਨਤ ਮਜ਼ਦੂਰੀ ਕਰਕੇ ਪੜ੍ਹੇ ਇਸ ਨਾਇਕ ਨੇ ਜਿੱਥੇ ਨਿਰਸਵਾਰਥ ਜਿੰਦਗੀ ਬਿਤਾਈ ਉੱਥੇ ਹੀ ਉਹ ਦੂਜਿਆਂ ਦਾ ਸਹਾਰਾ ਬਣਦਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਦੀ ਨੌਕਰੀ ਕਰਦਿਆਂ ਉਨ੍ਹਾਂ ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾਇਆ ਉੱਥੇ ਆਪਣੀ ਥੋੜ੍ਹੀ ਜਿਹੀ ਤਨਖਾਹ ਨਾਲ ਗਰੀਬ ਲੋਕਾਂ ਨੂੰ ਵੀ ਮਦੱਦ ਕਰਨ ਤੋਂ ਪਿਛੇ ਨਹੀਂ ਹਟੇ । ਉਨ੍ਹਾਂ ਨੇ ਗਰੀਬ ਬਸਤੀਆਂ ਦੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਇੱਕ ਮੁਸਲਿਮ ਬੱਚੇ ਨੂੰ ਗੋਦ ਲੈ ਕੇ ਉੱਚ ਸਿੱਖਿਆ ਦਿਵਾ ਕੇ ਜੀਵਨ ਜਿਊਣਯੋਗ ਬਣਾ ਦੇਣਾ ਇਸ ਪੁਸਤਕ ਦਾ ਹਾਸਲ ਹੈ ,ਜੋ ਕਿ ਹਰ ਪਾਠਕ ਨੂੰ ਕੁੱਝ ਕਰ ਗੁਜ਼ਰਨ ਦੀ ਪ੍ਰੇਰਨਾ ਦੇਵੇਗਾ । ਉਨ੍ਹਾਂ ਕਿਹਾ ਕਿ 84 ਸਾਲ ਦੀ ਉਮਰ ਪੂਰੀ ਕਰ ਚੁੱਕੇ ਮਾਸਟਰ ਪਿਆਰਾ ਸਿੰਘ ਭੋਲਾ ਦੀ ਜੀਵਨੀ ਦੂਜਿਆਂ ਲਈ ਵੀ ਪ੍ਰੇਰਨਾਂ ਸਰੋਤ ਬਣੀ ਰਹੇਗੀ । ਇਸ ਮੌਕੇ ਡਾ ਐਸ ਐਲ ਵਿਰਦੀ, ਸਰੂਪ ਸਿਆਲਵੀ, ਜੈ ਸਿੰਘ ਛਿੱਬਰ, ਚਰਨ ਸਿੰਘ ਕੰਗ, ਡਾ ਬਿੱਕਰ ਸਿੰਘ, ਡਾ ਸੰਤ ਸੁਰਿੰਦਰਪਾਲ ਸਿੰਘ, ਹਰਜਿੰਦਰ ਗੁਪਾਲੋਂ,ਰੋਮੀ ਘੜਾਮੇਵਾਲਾ, ਸੁਰਿੰਦਰਜੀਤ ਚੌਹਾਨ, ਪ੍ਰਿੰਸੀਪਲ ਅਮਰਜੀਤ ਸਿੰਘ ਕੰਗ, ਗੁਰਮੀਤ ਰਾਮ, ਦਰਸ਼ਨ ਸਿੰਘ ਅਤੇ ਅਮਰੀਕ ਸਿੰਘ ਸਮੇਤ ਹੋਰ ਵੀ ਸਾਹਿਤਕਾਰ ਹਾਜਰ ਸਨ ।
ਕੈਪਸ਼ਨ : ਹਰਨਾਮ ਸਿੰਘ ਡੱਲਾ ਦੀ ਲਿਖੀ ਪੁਸਤਕ ਜਾਰੀ ਕਰਦੇ ਹੋਏ ਸਾਹਿਤਕਾਰ ।