ਭਾਰਤੀ ਟੀਮ 23 ਨੂੰ ਪਾਕਿਸਤਾਨ ਖਿਲਾਫ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਕਰੇਗੀ ਸ਼ੁਰੂਆਤ
ਸਿਡਨੀ,16 ਅਕਤੂਬਰ,ਦੇਸ਼ ਕਲਿਕ ਬਿਊਰੋ:
ਆਸਟ੍ਰੇਲੀਆ 'ਚ ਅੱਜ ਐਤਵਾਰ ਤੋਂ ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਕੁਆਲੀਫਾਇੰਗ ਰਾਊਂਡ ਦੇ ਮੈਚ 16 ਤੋਂ 21 ਅਕਤੂਬਰ ਤੱਕ ਖੇਡੇ ਜਾਣਗੇ। ਇਸ ਤੋਂ ਬਾਅਦ 22 ਅਕਤੂਬਰ ਤੋਂ ਸੁਪਰ-12 ਦੌਰ ਸ਼ੁਰੂ ਹੋਵੇਗਾ।ਭਾਰਤੀ ਟੀਮ 23 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਅਤੇ ਪਾਕਿਸਤਾਨ ਨੂੰ ਸੁਪਰ-12 ਦੌਰ ਦੇ ਗਰੁੱਪ-2 ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਟੀਮਾਂ ਤੋਂ ਇਲਾਵਾ ਬੰਗਲਾਦੇਸ਼, ਦੱਖਣੀ ਅਫਰੀਕਾ, ਗਰੁੱਪ-ਬੀ ਦੀ ਜੇਤੂ ਟੀਮ ਅਤੇ ਗਰੁੱਪ-ਏ ਦੀ ਉਪ ਜੇਤੂ ਟੀਮਾਂ ਹੋਣਗੀਆਂ।ਇਸ ਦੇ ਨਾਲ ਹੀ ਸੁਪਰ-12 ਰਾਊਂਡ ਦੇ ਗਰੁੱਪ-1 'ਚ ਅਫਗਾਨਿਸਤਾਨ, ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਗਰੁੱਪ-ਏ ਦੀ ਜੇਤੂ ਟੀਮ ਅਤੇ ਗਰੁੱਪ-ਬੀ ਦੀ ਉਪ ਜੇਤੂ ਟੀਮਾਂ ਹੋਣਗੀਆਂ।ਸੁਪਰ-12 ਰਾਊਂਡ ਲਈ ਚਾਰ ਟੀਮਾਂ ਦਾ ਫੈਸਲਾ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਕੁਆਲੀਫਾਇੰਗ ਰਾਊਂਡ ਤੋਂ ਕੀਤਾ ਜਾਵੇਗਾ। ਕੁਆਲੀਫਾਇਰ ਰਾਊਂਡ ਵਿੱਚ ਅੱਠ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ,ਗਰੁੱਪ-ਏ ਅਤੇ ਗਰੁੱਪ-ਬੀ। ਗਰੁੱਪ ਏ ਵਿੱਚ ਨਾਮੀਬੀਆ, ਨੀਦਰਲੈਂਡ, ਸ਼੍ਰੀਲੰਕਾ ਅਤੇ ਯੂਏਈ ਦੀਆਂ ਟੀਮਾਂ ਸ਼ਾਮਲ ਹਨ। ਦੂਜੇ ਪਾਸੇ ਆਇਰਲੈਂਡ, ਸਕਾਟਲੈਂਡ, ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਗਰੁੱਪ ਬੀ ਵਿੱਚ ਹਨ। ਚੋਟੀ ਦੀਆਂ ਚਾਰ ਟੀਮਾਂ ਅਗਲੇ ਦੌਰ ਯਾਨੀ ਸੁਪਰ-12 ਦੌਰ ਲਈ ਕੁਆਲੀਫਾਈ ਕਰਨਗੀਆਂ।