ਮੋਹਾਲੀ, 9 ਅਕਤੂਬਰ: ਦੇਸ਼ ਕਲਿੱਕ ਬਿਓਰੋ
ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਆਪਣੇ ਕੰਮਾਂ ਕਾਰਨ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰਹਿੰਦੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ 3 ਅਕਤੂਬਰ, 2022 ਨੂੰ ਪਰਵੀਨ ਸੰਧੂ ਜੀ ਦੀ ਦੂਸਰੀ ਪੁਸਤਕ "ਮੇਰਾ ਲੰਡਨ ਸਫਰਨਾਮਾ" ਲੰਡਨ ਵਿੱਚ ਲੋਕ ਅਰਪਣ ਕੀਤੀ ਗਈ। ਇਸ ਦੋਰਾਨ ਦੇਸੀ ਰੇਡੀਓ ਚੈਨਲ ਲੰਡਨ ਵੱਲੋਂ ਪਰਵੀਨ ਸੰਧੂ ਜੀ ਦੀ ਇੰਟਰਵਿਊ ਲਈ ਗਈ। ਇਹ ਇੰਟਰਵਿਊ ਚੈਨਲ ਉੱਤੇ ਪੂਰਾ ਡੇਡ ਘੰਟਾ ਲਾਈਵ ਚੱਲੀ ਇੰਟਰਵਿਊ ਸ਼੍ਰੀ ਬਿੱਟੂ ਖੰਗੂੜਾ ਵੱਲੋਂ ਕੀਤੀ ਗਈ। ਜਿਸ ਵਿੱਚ ਪਰਵੀਨ ਸੰਧੂ ਦੇ ਇਸ ਪੁਸਤਕ ਲਿਖਣ ਦੇ ਤਜਰਬੇ ਬਾਰੇ ਗੱਲਬਾਤ ਕੀਤੀ ਗਈ। ਪਰਵੀਨ ਸੰਧੂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਲੰਡਨ ਦਾ ਪਿਛਲਾ ਦੋਰਾ ਬਹੁਤ ਹੀ ਵਿਲੱਖਣ ਅਤੇ ਯਾਦਗਾਰ ਰਿਹਾ। ਕਿਉਂਕਿ ਇਸ ਦੋਰੇ ਦੋਰਾਨ ਪਰਵੀਨ ਸੰਧੂ ਇੱਕ ਕਲਾਕਾਰ ਹੋਣ ਦੇ ਨਾਲ ਇੱਕ ਉੱਭਰਦੇ ਹੋਏ ਲੇਖਕ ਬਣ ਕੇ ਵਿੱਚਰੇ ਸਨ। ਪਾਠਕਾਂ ਵੱਲੋਂ ਪਰਵੀਨ ਸੰਧੂ ਦੀ ਪਲੇਠੀ ਪੁਸਤਕ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ। ਜਿਸ ਨਾਲ ਪਰਵੀਨ ਸੰਧੂ ਦਾ ਕੱਦ ਹੋਰ ਵੀ ਉੱਚਾ ਹੋ ਜਾਂਦਾ ਜਦੋਂ ਕੋਈ ਉਹਨਾਂ ਨੂੰ ਲੇਖਕ ਆਖ ਕੇ ਸਤਿਕਾਰਦਾ। ਇਸ ਤੋਂ ਹੀ ਪ੍ਰੇਰਨਾ ਲੈ ਕੇ ਪਰਵੀਨ ਸੰਧੂ ਨੇ ਦੂਸਰੀ ਪੁਸਤਕ "ਮੇਰਾ ਲੰਡਨ ਸਫਰਨਾਮਾ" ਲਿਖੀ। ਇਸ ਪੁਸਤਕ ਵਿੱਚ ਉਹਨਾਂ ਨੇ ਆਪਣੇ ਦੋਸਤਾਂ - ਮਿੱਤਰਾਂ ਨਾਲ ਬਿਤਾਏ ਸਮੇਂ ਦਾ ਵੀ ਜ਼ਿਕਰ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਇਸ ਪੁਸਤਕ ਵਿੱਚ ਪਰਵੀਨ ਸੰਧੂ ਵੱਲੋਂ ਭੈਣ - ਭਰਾ ਦੇ ਪਵਿੱਤਰ ਰਿਸ਼ਤੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕਿਉਂਕਿ ਕਰੋਨਾ ਕਾਲ ਦੋਰਾਨ ਲੋਕ ਡਾਊਨ ਦੇ ਭਿਅੰਕਰ ਕਾਲ ਕਾਰਨ ਪਰਵੀਨ ਸੰਧੂ ਕਾਫੀ ਲੰਮੇ ਸਮੇਂ ਬਾਅਦ ਆਪਣੀ ਲੰਡਨ ਬੈਠੀ ਭੈਣ ਨੂੰ ਮਿਲੇ ਸਨ। ਹੋਰ ਵੀ ਬਹੁਤ ਸਾਰੀਆਂ ਯਾਦਾਂ ਅਤੇ ਲੰਡਨ ਦੀਆਂ ਖੂਬੀਆਂ ਜੋ ਕਿ ਪਰਵੀਨ ਸੰਧੂ ਨੇ ਇਸ ਪੁਸਤਕ ਵਿੱਚ ਲਿਖੀਆਂ ਹਨ, ਬਾਰੇ ਲਾਈਵ ਇੰਟਰਵਿਊ ਦੋਰਾਨ ਬਿੱਟੂ ਖੰਗੂੜਾ ਜੀ ਨਾਲ ਸਾਂਝੀਆਂ ਕੀਤੀਆਂ। ਇਹ ਸਾਰੀ ਜਾਣਕਾਰੀ ਪੀ. ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਵੱਲੋਂ ਦਿੱਤੀ ਗਈ ।