ਲਖਨਊ,6 ਅਕਤੂਬਰ,ਦੇਸ਼ ਕਲਿਕ ਬਿਊਰੋ:
ਤਜਰਬੇਕਾਰ ਸ਼ਿਖਰ ਧਵਨ ਦੀ ਅਗਵਾਈ ਵਿੱਚ ਟੀਮ ਇੰਡੀਆ ਅੱਜ ਵੀਰਵਾਰ ਨੂੰ ਪਹਿਲੇ ਵਨਡੇ ਕ੍ਰਿਕਟ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾਉਣ ਦੇ ਇਰਾਦੇ ਨਾਲ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਏਕਾਨਾ ਅੰਤਰਰਾਸ਼ਟਰੀ ਸਟੇਡੀਅਮ 'ਚ ਉਤਰੇਗੀ। ਇਸ ਦੇ ਨਾਲ ਹੀ ਭਾਰਤੀ ਟੀਮ 12 ਸਾਲ ਬਾਅਦ ਦੱਖਣੀ ਅਫਰੀਕਾ ਦੇ ਖਿਲਾਫ ਆਪਣੀ ਧਰਤੀ 'ਤੇ ਵਨਡੇ ਸੀਰੀਜ਼ ਜਿੱਤਣਾ ਚਾਹੇਗੀ।ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ 'ਚ ਦੱਖਣੀ ਅਫਰੀਕਾ 'ਚ ਖੇਡੀ ਗਈ ਵਨਡੇ ਸੀਰੀਜ਼ 'ਚ ਟੀਮ ਇੰਡੀਆ 0-3 ਨਾਲ ਹਾਰ ਗਈ ਸੀ। ਅਜਿਹੇ 'ਚ ਟੀਮ ਇੰਡੀਆ ਉਸ ਹਾਰ ਦਾ ਹਿਸਾਬ ਚੁਕਾਉਣ ਦੇ ਟੀਚੇ ਨਾਲ ਮੈਚ 'ਚ ਉਤਰੇਗੀ। ਭਾਰਤ ਨੇ ਇਸ ਤੋਂ ਪਹਿਲਾਂ 2010 'ਚ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਜਿੱਤੀ ਸੀ।ਦੂਜੇ ਪਾਸੇ ਰੋਹਿਤ ਸ਼ਰਮਾ, ਵਿਰਾਟ, ਕੇਐੱਲ ਰਾਹੁਲ ਵਰਗੇ ਸੀਨੀਅਰ ਖਿਡਾਰੀਆਂ ਦੀ ਗੈਰ-ਮੌਜੂਦਗੀ 'ਚ ਨੌਜਵਾਨ ਖਿਡਾਰੀਆਂ ਨੂੰ ਆਪਣੀ ਯੋਗਤਾ ਸਾਬਤ ਕਰਨ ਦਾ ਮੌਕਾ ਮਿਲੇਗਾ। ਹਾਲਾਂਕਿ ਬਾਵੁਮਾ, ਡੀ ਕਾਕ, ਮਾਰਕਰਮ, ਮਿਲਰ ਅਤੇ ਰਬਾਡਾ ਵਰਗੇ ਖਿਡਾਰੀਆਂ ਨਾਲ ਸਜੀ ਅਫਰੀਕੀ ਟੀਮ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ।