ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 3 ਅਕਤੂਬਰ, 2022: ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਖਿਡਾਰੀਆਂ ਦੇ ਟਰਾਇਲ ਲੈਣ ਲਈ ਜ਼ਿਲਾ ਖੇਡ ਵਿਭਾਗ ਵੱਲੋਂ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਹੇਠ ਜ਼ਿਲਾ ਖੇਡ ਅਫ਼ਸਰ ਰਣਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਤੋਂ 22 ਅਕਤੂਬਰ ਤੱਕ ਹੋਣ ਵਾਲੀਆਂ ਰਾਜ ਪੱਧਰੀ ਖੇਡਾਂ ਲਈ ਜ਼ਿਲਾ ਸੰਗਰੂਰ ਵਿਖੇ 6 ਅਕਤੂਬਰ ਨੂੰ ਤੀਰਅੰਦਾਜ਼ੀ (ਆਰਚਰੀ), ਸ਼ਤਰੰਜ (ਚੈੱਸ), ਤਲਵਾਰਬਾਜ਼ੀ (ਫੈਂਸਿੰਗ), ਜਿਮਨਾਸਟਿਕ ਅਤੇ ਨਿਸ਼ਾਨੇਬਾਜ਼ੀ (ਸ਼ੂਟਿੰਗ) ਦੇ ਟਰਾਇਲ ਵੱਖ-ਵੱਖ ਸਥਾਨਾਂ ’ਤੇ ਲਏ ਜਾਣਗੇ। ਉਨਾਂ ਦੱਸਿਆ ਕਿ ਤੀਰਅੰਦਾਜ਼ੀ ਦੇ ਟਰਾਇਲ ਪੈਰਾਮਾਊਂਟ ਸਕੂਲ ਲਹਿਰਾ, ਸ਼ਤਰੰਜ ਦੇ ਟਰਾਇਲ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ, ਤਲਵਾਰਬਾਜ਼ੀ ਤੇ ਜਿਮਨਾਸਟਿਕ ਦੇ ਟਰਾਇਲ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਅਤੇ ਨਿਸ਼ਾਨੇਬਾਜ਼ੀ ਦੇ ਟਰਾਇਲ ਪੁਲਿਸ ਲਾਈਨ ਸੰਗਰੂਰ ਵਿਖੇ ਲਏ ਜਾਣਗੇ।