ਮੋਰਿੰਡਾ, 27 ਸਤੰਬਰ ( ਭਟੋਆ )
ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਜਿਲ੍ਹਾ ਪੱਧਰ ਤੇ ਹੋਏ ਵੱਖ -- ਵੱਖ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਦੋ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਧੀਮਾਨ ਨੇ ਦੱਸਿਆ ਕਿ ਵਿਦਿਆਰਥੀ ਜਸਕਰਨ ਸਿੰਘ ਨੇ ਜਿਲ੍ਹਾ ਪੱਧਰ ਤੇ ਹੋਏ ਪੰਜਾਬ ਸਕੂਲ ਖੇਡਾਂ 2022 ਦੇ ਵੇਟ ਲਿਫਟਿੰਗ ਮੁਕਾਬਲੇ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਵਿਖੇ ਹੋਏ ਸਨ , ਵਿਖੇ ਅੰਡਰ -- 19 ਵਰਗ ਲੜਕਿਆਂ 102 ਕਿੱਲੋ ਕੈਟਾਗਰੀ ਵਿੱਚ ਭਾਗ ਲੈਂਦਿਆ ਉਸ ਨੇ ਸਨੈਚ ਵਿੱਚ 110 ਕਿੱਲੋ ਅਤੇ ਕਲੀਨ ਐਂਡ ਜਰਕ ਵਿੱਚ 127 ਕਿੱਲੋ ( ਕੁੱਲ 237 ਕਿੱਲੋ ) ਭਾਰ ਚੁੱਕ ਕੇ ਜ਼ਿਲੇ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਦਿਆਂ ਗੋਲਡ ਮੈਡਲ ਹਾਸਲ ਕੀਤਾ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਕਤ ਵਿਦਿਆਰਥੀ ਨੇ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਜ਼ਿਲਾ ਪੱਧਰੀ ਵੇਟ ਲਿਫਟਿੰਗ ਮੁਕਾਬਲੇ ਵਿੱਚ ਵੀ 235 ਕਿੱਲੋ ਭਾਰ ਚੁੱਕ ਕੇ ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਉਨ੍ਹਾਂ ਦੱਸਿਆ ਕਿ ਸਕੂਲ ਦੇ ਹੋਰ ਦੂਜੇ ਵਿਦਿਆਰਥੀਆਂ ਨੇ ਵੀ ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਇਨਾਮ ਪ੍ਰਾਪਤ ਕੀਤੇ ਹਨ । ਸਕੂਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ , ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਅਤੇ ਮੈਨੇਜਰ ਪ੍ਰੀਤਪਾਲ ਕੌਰ ਨੇ ਉਕਤ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਅੱਗੇ ਨੂੰ ਵੀ ਹੋਰ ਮਿਹਨਤ ਕਰਨ ਤਾਂ ਜੋ ਕਿ ਉਹ ਸਟੇਟ ਪੱਧਰ ਤੇ ਵੀ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕਰੇ । ਇਸ ਮੌਕੇ ਕੋਚ ਡੀਪੀਈ ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਨਿਰਮਲ ਸਿੰਘ, ਸੁਨੀਤਾ ਰਾਣੀ ਅਤੇ ਸੁਰਜੀਤ ਸਿੰਘ ਆਦਿ ਹਾਜਰ ਸਨ ।