ਮੋਰਿੰਡਾ 27 ਸਤੰਬਰ ( ਭਟੋਆ)
ਨੌਜਵਾਨ ਸਾਹਿਤ ਸਭਾ (ਰਜਿ.) ਮੋਰਿੰਡਾ ਵੱਲੋਂ ਪੰਜਾਬ ਰਿਜ਼ੋਰਟ ਮੋਰਿੰਡਾ ਵਿੱਚ ਇੱਕ ਸਾਹਿਤਕ ਸਮਾਗਮ ਕਰਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਡਾ. ਹਰਨੇਕ ਸਿੰਘ ਕਲੇਰ ਨੇ ਕੀਤੀ । ਮੁੱਖ ਮਹਿਮਾਨ ਸਨ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਸ. ਜਗਪਾਲ ਸਿੰਘ ਜੌਲੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੁਰਿੰਦਰ ਸਿੰਘ ਕੋਟਲਾ ਨਿਹੰਗ ਨੇ ਸ਼ਿਰਕਤ ਕੀਤੀ । ਸਮਾਗਮ ਦੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਉਕਤ ਸਮਾਗਮ ਵਿੱਚ ਮੈਡਮ ਪਰਮਜੀਤ ਕੌਰ ਕਿਸਾਣਾ, ਹਰਜਿੰਦਰ ਸਿੰਘ ਖਾਬੜਾਂ ਅਤੇ ਗੁਰਪ੍ਰੀਤ ਸਿੰਘ ਮੋਰਿੰਡਾ ਨੂੰ ਸੱਜਰੀ ਸਵੇਰ ਕਲਾ ਕੇਂਦਰ (ਰਜਿ.) ਮੋਰਿੰਡਾ ਵੱਲੋਂ ਸਨਮਾਨਿਤ ਕੀਤਾ ਗਿਆ । ਇਹ ਤਿੰਨੋਂ ਉਹ ਨੌਜਵਾਨ ਸਨ, ਜੋ ਲਿਖਦੇ ਤਾਂ ਬਹੁਤ ਵਧੀਆ ਹਨ ਪਰ ਅਜੇ ਤੱਕ ਇਨ੍ਹਾਂ ਦੀ ਕੋਈ ਵੀ ਕਿਤਾਬ ਨਹੀਂ ਛਪੀ ਹੈ ।ਇਨ੍ਹਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਹੀ ਇਹ ਸਮਾਗਮ ਰਚਾਇਆ ਗਿਆ ਸੀ । ਇਸ ਸਮੇਂ ਅਧਿਆਪਕ ਸਰਬਜੀਤ ਸਿੰਘ ਦੁੱਮਣਾਂ ਨੇ ਗੀਤ ਇੱਧਰ ਕਣਕਾਂ, ਉੱਧਰ ਕਣਕਾਂ, ਵਿੱਚ ਕਣਕਾਂ ਦੇ ਬੂਰ ਪਿਆ, ਮੈਡਮ ਪਰਮਜੀਤ ਕੌਰ ਕਿਸਾਣਾ ਨੇ ਕਵਿਤਾਵਾਂ ਮਹੁੱਬਤ ਅਤੇ ਧਰਤ ਸੁਨੱਖੀਏ, ਪ੍ਰਸਿੱਧ ਕਲਾਕਾਰ ਜਤਿੰਦਰ ਸਿੰਘ ਰਾਮਗੜ੍ਹੀਆ ਨੇ ਆਪ ਬੀਤੀ, ਹਰਜਿੰਦਰ ਸਿੰਘ ਖਾਬੜਾਂ ਨੇ ਦੋ ਗ਼ਜ਼ਲਾਂ, ਗੁਰਪ੍ਰੀਤ ਸਿੰਘ ਮੋਰਿੰਡਾ ਨੇ ਕਵਿਤਾ ਕਲਮਾਂ ਵਾਲ਼ੇ, ਮੈਡਮ ਅਮਰਜੀਤ ਕੌਰ ਨੇ ਪ੍ਰਪੱਕ ਅੰਦਾਜ਼ ਅਤੇ ਤਰੁੰਨਮ ਵਿੱਚ ਛੰਦ ਅਤੇ ਰੱਬੀ ਨੇ ਭਗਤ ਸਿੰਘ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ ਗੀਤ ਕਿਹਾ । ਸਾਹਿਤਕਾਰ ਸੁਰਜੀਤ ਸਿੰਘ ਦੇ ਸ਼ਿਅਰ ਨੇ ਚੰਗੀ ਦਾਦ ਲਈ, ਹੁਣ ਬੱਸ ਕਰ ਜੀਤ ਨਾ ਬੋਲੀ ਜਾ, ਐਵੇਂ ਨਾ ਦਿਲ ਨੂੰ ਖੋਲ੍ਹੀ ਜਾ, ਉਹ ਆਖ ਰਹੇ ਜੋ ਆਖਣ ਦੇ, ਸਾਨੂੰ ਪ੍ਰਧਾਨਾਂ ਕੀ ਕਹਿਣਾ । ਵਿਸ਼ੇਸ਼ ਮਹਿਮਾਨ ਸੁਰਿੰਦਰ ਸਿੰਘ ਕੋਟਲ਼ਾ ਨਿਹੰਗ, ਡਾ. ਹਰਨੇਕ ਸਿੰਘ ਕਲੇਰ, ਸਮਾਜ ਸੇਵੀ ਜਗਪਾਲ ਸਿੰਘ ਜੌਲੀ ਅਤੇ ਹਰਪ੍ਰੀਤ ਸਿੰਘ ਧਮਾਣਾ ਨੇ ਵੀ ਇਸ ਮੌਕੇ ਵਿਚਾਰ ਪੇਸ਼ ਕੀਤੇ । ਸਮਾਗਮ ਵਿੱਚ ਗੁਰਦੀਪ ਸਿੰਘ, ਜੰਗ ਸਿੰਘ ਅਤੇ ਤੇਜਸਵੀਰ ਸਿੰਘ ਭਾਉਵਾਲ਼ ਨੇ ਵੀ ਸ਼ਿਰਕਤ ਕੀਤੀ ।